Brazil Plane Crash: ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਇੱਕ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ 62 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਏਅਰਲਾਈਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਜਹਾਜ਼ ਨੇ ਸਾਓ ਪਾਓਲੋ ਦੇ ਗੁਆਰੁਲੋਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰੀ ਸੀ। ਬਿਆਨ ਮੁਤਾਬਕ ਜਹਾਜ਼ 'ਚ 58 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਕਿਵੇਂ ਹੋਇਆ।
ਜਹਾਜ਼ ਹਾਦਸੇ ਦੇ ਕੁਝ ਵਿਜ਼ੂਅਲ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਹਨ। ਇਸ ਵਿੱਚ ਹਾਦਸੇ ਦੀ ਤੀਬਰਤਾ ਸਾਫ਼ ਦਿਖਾਈ ਦੇ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਅਚਾਨਕ ਹਵਾ 'ਚ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਅਤੇ ਤੇਜ਼ੀ ਨਾਲ ਜ਼ਮੀਨ ਵੱਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਉਸ ਖੇਤਰ ਵਿੱਚ ਹਫੜਾ-ਦਫੜੀ ਮਚ ਗਈ ਜਿੱਥੇ ਜਹਾਜ਼ ਡਿੱਗਿਆ ਹੈ। ਇਸ ਤੋਂ ਬਾਅਦ ਦੇ ਵਿਜ਼ੁਅਲਸ 'ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਡਿੱਗਦਾ ਹੈ ਅਤੇ ਫਿਰ ਤੇਜ਼ੀ ਨਾਲ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਹੋਰ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਯਾਤਰੀਆਂ ਦਾ ਸਮਾਨ ਇਧਰ-ਉਧਰ ਖਿੱਲਰਿਆ ਪਿਆ ਹੈ ਅਤੇ ਕੁਝ ਲੋਕਾਂ ਦੀਆਂ ਲਾਸ਼ਾਂ ਸੜਦੀਆਂ ਨਜ਼ਰ ਆ ਰਹੀਆਂ ਹਨ।
ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਡਾ ਸਿਲਵਾ ਨੇ ਦੱਖਣੀ ਬ੍ਰਾਜ਼ੀਲ ਵਿੱਚ ਇੱਕ ਸਮਾਗਮ ਵਿੱਚ ਸੋਗ ਪ੍ਰਗਟ ਕੀਤਾ। ਉਸ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੀ ਮੌਤ ਹੋ ਗਈ ਸੀ। ਫਾਇਰ ਡਿਪਾਰਟਮੈਂਟ, ਮਿਲਟਰੀ ਪੁਲਿਸ ਅਤੇ ਸਿਵਲ ਡਿਫੈਂਸ ਅਥਾਰਟੀ ਨੇ ਵਿਨਹੇਡੋ ਵਿਚ ਹਾਦਸੇ ਵਾਲੀ ਥਾਂ 'ਤੇ ਟੀਮਾਂ ਭੇਜੀਆਂ। ਬ੍ਰਾਜ਼ੀਲ ਦੇ ਟੈਲੀਵਿਜ਼ਨ ਨੈਟਵਰਕ ਗਲੋਬੋਨਿਊਜ਼ ਨੇ ਘਰਾਂ ਨਾਲ ਭਰੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੱਕ ਜਹਾਜ਼ ਦੇ ਮਲਬੇ ਤੋਂ ਇੱਕ ਵੱਡੇ ਖੇਤਰ ਦੇ ਸੜਨ ਅਤੇ ਧੂੰਏਂ ਦੇ ਨਿਕਲਣ ਦੀ ਫੁਟੇਜ ਦਿਖਾਈ।