ਜਲੰਧਰ : ਕਿਸਾਨੀ ਅੰਦੋਲਨ 'ਚ ਪੰਜਾਬ ਦੇ ਕਲਾਕਾਰਾਂ ਦੀ ਸ਼ਮੂਲੀਅਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸੱਭਿਆਚਾਰਕ ਗਾਇਕੀ ਨਾਲ ਵਿਲੱਖਣ ਪਛਾਣ ਬਣਾਉਣ ਵਾਲੇ ਗਾਇਕ ਪੰਮੀ ਬਾਈ ਨੇ ਜਿੱਥੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਮੋਰਚੇ 'ਚ ਸ਼ਿਰਕਤ ਕੀਤੀ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਮਿਲਿਆ 'ਸੰਗੀਤ ਨਾਟਕ ਅਕਾਦਮੀ' ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਹੈ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਇਹ ਸਨਮਾਨ ਕੋਈ ਅਹਿਮੀਅਤ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਉਹ ਕਲਾਕਾਰ ਬਾਅਦ 'ਚ ਤੇ ਕਿਸਾਨ ਪਹਿਲਾਂ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਦੇ ਪੁੱਤਰ ਹਨ। ਇਸ ਲਈ ਕਿਸਾਨ ਭਰਾਵਾਂ ਨਾਲ ਖੜ੍ਹਨਾ ਉਨ੍ਹਾਂ ਦਾ ਫ਼ਰਜ਼ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਪ੍ਰਤਾਪ ਸਿੰਘ ਬਾਗੀ ਮੁਜ਼ਾਰਾ ਲਹਿਰ ਦੇ ਸਿਰਕੱਢ ਆਗੂ ਰਹੇ।
ਜ਼ਿਕਰਯੋਗ ਹੈ ਕਿ ਪੰਮੀ ਬਾਈ ਤੋਂ ਪਹਿਲਾਂ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਵੀ ਭਾਸ਼ਾ ਵਿਭਾਗ ਵੱਲੋਂ ਐਲਾਨਿਆ 2018 ਲਈ 'ਸ਼੍ਰੋਮਣੀ ਗਾਇਕ' ਦਾ ਪੁਰਸਕਾਰ ਨਾ ਲੈਣ ਦਾ ਐਲਾਨ ਕਰ ਚੁੱਕੇ ਹਨ।