ਨਵੀਂ ਦਿੱਲੀ : ਰਖਿਆ ਸਕੱਤਰ ਅਜੈ ਕੁਮਾਰ ਨੇ ਕਿਹਾ ਕਿ ਭਾਰਤ ਦੇ ਵਿਕਾਸ ਨਾਲ ਕਿਸੇ ਨੂੰ ਖ਼ਤਰਾ ਨਹੀਂ ਹੈ ਅਤੇ ਦੇਸ਼ ਕਿਸੇ ਤੋਂ ਡਰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਹਿੱਤ ਲਈ ਇਹ ਲਾਜ਼ਮੀ ਹੈ ਕਿ ਦੇਸ਼ ਦੇ ਗੁਆਂਢ ਵਿਚ ਸਥਿਰਤਾ ਹੋਵੇ।
ਕੁਮਾਰ ਨੇ ਕਿਹਾ ਕਿ ਸਾਡੇ ਸਮੁੰਦਰੀ ਅਤੇ ਰਾਸ਼ਟਰੀ ਹਿੱਤ ਲਈ ਸਾਡੇ ਨੇੜਲੇ ਗੁਆਂਢ ਵਿਚ ਸਥਿਰਤਾ ਬਣਾਈ ਰੱਖਣਾ ਅਤੇ ਹਿੰਦ ਮਹਾਂਸਾਗਰ ਵਿਚ ਹੀ ਨਹੀਂ ਬਲਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਨਿਯਮ-ਆਧਾਰਤ ਪ੍ਰਣਾਲੀ ਸਥਾਪਤ ਕਰਨਾ ਮਹੱਤਵਪੂਰਨ ਹੈ।ਮਨੋਹਰ ਪਾਰੀਕਰ ਇੰਸਟੀਚਿਊਟ ਆਫ਼ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਵਲੋਂ ਆਯੋਜਿਤ ਇਕ ਵੈਬਿਨਾਰ ਵਿਚ, ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ।
ਕੁਮਾਰ ਨੇ ਕਿਹਾ ਕਿ ਭਾਰਤ ਦੇ ਰਖਿਆ ਸਬੰਧ ਸੁਤੰਤਰ, ਖੁੱਲ੍ਹੇ ਅਤੇ ਨਿਯਮ-ਆਧਾਰਤ ਪ੍ਰਣਾਲੀ ਦੇ ਸਿਧਾਂਤ 'ਤੇ ਆਧਾਰਤ ਹਨ ਤਾਕਿ ਆਰਥਕ ਵਿਕਾਸ ਪੱਕਾ ਹੋਵੇ ਜਿਸ ਨਾਲ ਭਾਰਤ ਦੇ ਇਕ ਸੌ ਤੀਹ ਕਰੋੜ ਲੋਕਾਂ ਅਤੇ ਖੇਤਰ ਦੇ ਦੋ ਸੌ ਕਰੋੜ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਅਸੀਂ ਸਮਾਨ ਸੋਚ ਵਾਲੇ ਦੇਸ਼ਾਂ ਨਾਲ ਸਹਿਯੋਗ ਕੀਤਾ ਹੈ ਅਤੇ ਕੁਝ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ ਜੋ ਆਪਸੀ ਸਾਂਝਾਂ ਅਤੇ ਕਾਰਜਾਂ ਨੂੰ ਉਤਸ਼ਾਹਤ ਕਰਨਗੇ। ਹਾਲ ਹੀ ਵਿਚ ਸਮਾਪਤ ਹੋਈ ਮਲਾਬਾਰ (ਫ਼ੌਜੀ) ਅਭਿਆਸ ਸਾਡੇ ਅੰਤਰਰਾਸ਼ਟਰੀ ਸਹਿਯੋਗ ਦੀ ਇਕ ਉਦਾਹਰਣ ਹੈ।