ਮਹੋਬਾ : ਮਹੋਬਾ ਜ਼ਿਲ੍ਹੇ ਦੇ ਕੁਲਪਹਾੜ ਖੇਤਰ ਵਿਚ ਬੁਧਵਾਰ ਨੂੰ ਇਕ ਚਾਰ ਸਾਲਾ ਬੱਚਾ ਇਕ ਖੁੱਲ੍ਹੇ ਬੋਰਵੈਲ ਵਿਚ ਡਿੱਗ ਗਿਆ। ਪ੍ਰਬੰਧਕੀ ਅਮਲਾ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ ਕਰ ਦਿਤੇ ਹਨ। ਬੱਚੇ ਨੂੰ ਬੋਰਵੈਲ ਦੇ ਅੰਦਰ ਪਾਈਪਲਾਈਨ ਤੋਂ ਆਕਸੀਜਨ ਦਿਤੀ ਜਾ ਰਹੀ ਹੈ।
ਪੁਲਿਸ ਸੂਤਰਾਂ ਨੇ ਦਸਿਆ ਕਿ ਬੁਧੌਰਾ ਪਿੰਡ ਵਿਚ ਸਾਢੇ ਚਾਰ ਵਜੇ ਦੇ ਕਰੀਬ ਭਾਗੀਰਥ ਕੁਸ਼ਵਾਹਾ ਦਾ ਚਾਰ ਸਾਲਾ ਬੇਟਾ ਧਨੇਂਦਰ ਉਰਫ਼ ਬਾਬੂ ਖੇਤ ਵਿਚ ਖੇਡਦਿਆਂ ਇਕ ਖੁਲ੍ਹੇ ਬੋਰਵੈਲ ਵਿਚ ਡਿੱਗ ਗਿਆ। ਬੱਚਾ 25 ਤੋਂ 30 ਫ਼ੁਟ ਦੀ ਡੂੰਘਾਈ 'ਤੇ ਫਸਣ ਦਾ ਖ਼ਦਸ਼ਾ ਹੈ।
ਉਨ੍ਹਾਂ ਦਸਿਆ ਕਿ ਬੱਚੇ ਦੇ ਬੋਰਵੇਲ ਵਿਚ ਡਿੱਗਣ ਦੀ ਸੂਚਨਾ ਮਿਲਣ 'ਤੇ ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਸ਼ੀਨ ਰਾਹੀਂ ਖੁਦਾਈ ਕਰ ਕੇ ਬੱਚੇ ਨੂੰ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਫਿਲਹਾਲ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਅਜੇ ਉਹ ਸੁਰੱਖਿਅਤ ਹੈ। ਸੂਤਰਾਂ ਨੇ ਦਸਿਆ ਕਿ ਘਟਨਾ ਦੇ ਸਮੇਂ ਬੱਚੇ ਦੇ ਮਾਪੇ ਖੇਤ ਦੀ ਸਿੰਚਾਈ ਕਰ ਰਹੇ ਸਨ।
ਮਹੋਬਾ ਦੇ ਜ਼ਿਲ੍ਹਾ ਮੈਜਿਸਟਰੇਟ ਸਤੇਂਦਰ ਕੁਮਾਰ ਨੇ 'ਭਾਸ਼ਾ' ਨੂੰ ਦਸਿਆ ਕਿ ਫਿਲਹਾਲ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਬੱਚਾ 25 ਤੋਂ 30 ਫ਼ੁਟ ਦੀ ਡੂੰਘਾਈ 'ਤੇ ਬੋਰਵੈਲ 'ਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀ 20 ਮੈਂਬਰੀ ਟੀਮ ਨੂੰ ਲਖਨਊ ਤੋਂ ਬੁਲਾਇਆ ਗਿਆ ਹੈ।