ਨਵੀਂ ਦਿੱਲੀ : ਆਲੂ ਦੀ ਖਾਸ ਕਿਸਮ ਦੀ ਖੇਤੀ ਕਰਨ ਦੇ ਦੋਸ਼ 'ਚ ਅਮਰੀਕਾ ਦੀ ਕੰਪਨੀ ਪੈਪਸੀਕੋ ਨੇ ਗੁਜਰਾਤ ਦੇ ਚਾਰ ਕਿਸਾਨਾਂ 'ਤੇ ਮੁਕੱਦਮਾ ਠੋਕ ਦਿੱਤਾ ਹੈ। ਪੈਪਸੀਕੋ ਨੇ ਇਨ੍ਹਾਂ ਕਿਸਾਨਾਂ 'ਤੇ ਆਲੂ ਦੀ ਖਾਸ ਕਿਸਮ ਐਫ.ਸੀ.-5 ਦੀ ਖੇਤੀ ਕਰਨ ਦੇ ਦੋਸ਼ 'ਚ ਅਹਿਮਦਾਬਾਦ ਦੀ ਕਮਰਸ਼ਿਅਲ ਕੋਰਟ 'ਚ ਮਾਮਲਾ ਦਰਜ ਕਰਵਾਇਆ ਹੈ। ਐਫ.ਸੀ.-5 ਆਲੂ ਦੀ ਉਹ ਖਾਸ ਕਿਸਮ ਹੈ ਜਿਸ ਨੂੰ ਪੈਪਸੀਕੋ ਆਪਣੇ ਲੇਜ਼ ਪੋਟੈਟੋ ਚਿਪਸ ਲਈ ਇਸਤੇਮਾਲ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸਨੇ ਭਾਰਤ 'ਚ ਇਸ ਖਾਸ ਕਿਸਮ ਨੂੰ ਰਜਿਸਟਰ ਕਰਵਾ ਰੱਖਿਆ ਹੈ। ਪੈਪਸੀਕੋ ਨੇ ਸਾਰੇ ਚਾਰ ਕਿਸਾਨਾਂ 'ਤੇ 1-1 ਕਰੋੜ ਰੁਪਏ ਦੇ ਹਰਜ਼ਾਨੇ ਦਾ ਦਾਅਵਾ ਵੀ ਕੀਤਾ ਹੈ। ਕਿਸਾਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਕੰਪਨੀ ਕਿਸਾਨਾਂ 'ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈਸ਼ ਕੋਰਟ ਨੇ ਇਸ ਮਾਮਲੇ 'ਚ 12 ਜੂਨ ਤੱਕ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਆਲੂ ਦੇ ਬੀਜ ਨੂੰ ਲੈ ਕੇ ਪੈਪਸੀਕੋ ਨੇ ਕੇਸ ਦਰਜ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਚਾਰਾਂ ਕਿਸਾਨਾਂ ਨੇ ਖੇਤ ਵਿਚ ਜਿਹੜੇ ਆਲੂ ਦੇ ਬੀਜ ਉਗਦੇ ਹਨ ਉਨ੍ਹਾਂ 'ਤੇ ਪੈਪਸੀਕੋ ਦਾ ਏਕਾਧਿਕਾਰ ਹੈ ਅਤੇ ਬਿਨਾਂ ਕੰਪਨੀ ਦੀ ਜਾਣਕਾਰੀ ਅਤੇ ਆਗਿਆ ਦੇ ਕੋਈ ਵੀ ਕਿਸਾਨ ਇਨ੍ਹਾਂ ਬੀਜਾਂ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ। ਕੰਪਨੀ ਨੇ ਇਨ੍ਹਾਂ 4 ਕਿਸਾਨਾਂ 'ਤੇ ਕਾਨੂੰਨ ਦਾ ਉਲੰਘਣ ਦਾ ਦੋਸ਼ ਲਗਾਇਆ ਹੈ। ਪੈਪਸੀਕੋ ਨੇ ਆਪਣੇ ਹਲਫਨਾਮੇ 'ਚ ਵੱਡੇ ਨੁਕਸਾਨ ਦਾ ਹਵਾਲਾ ਵੀ ਦਿੱਤਾ ਹੈ।
ਕੰਪਨੀ ਨੇ ਕੋਰਟ 'ਚ ਕਿਸਾਨਾਂ ਦੇ ਖਿਲਾਫ ਸਬੂਤ ਪੇਸ਼ ਕਰਕੇ ਇਕ ਪੱਖੀ ਆਰਡਰ ਲਿਆ ਹੈ। ਕੋਰਟ ਨੇ ਇਸ ਕਿਸਮ ਦੇ ਆਲੂ ਦੇ ਬੀਜਾਂ ਦੇ ਇਸਤੇਮਾਲ 'ਤੇ ਰੋਕ ਲਗਾਈ ਹੈ। ਕਿਸਾਨਾਂ ਨੂੰ ਕੋਰਟ ਨੇ ਜਵਾਬ ਦੇਣ ਲਈ 12 ਜੂਨ ਤੱਕ ਦਾ ਸਮਾਂ ਦਿੱਤਾ ਹੈ। ਹਾਲਾਂਕਿ ਕੋਰਟ ਦਾ ਪੈਪਸੀਕੋ ਦੇ ਪੱਖ ਵਿਚ ਆਰਡਰ ਪ੍ਰਭਾਵੀ ਰਹੇਗਾ।