ਜ਼ੀਰਕਪੁਰ, (ਸੱਚੀ ਕਲਮ ਬਿਊਰੋ) : ਜ਼ੀਰਕਪੁਰ ਪੁਲਿਸ ਨੇ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ । ਜ਼ੀਰਕਪੁਰ ਥਾਣਾ ਮੁਖੀ ਗੁਰਜੀਤ ਸਿੰਘ ਨੇ ਦਸਿਆ ਕਿ ਨਿਊ ਗਲੋਬਲ ਗਾਈਡ ਇੰਮੀਗ੍ਰੇਸ਼ਨ ਦੇ ਮਾਲਕ ਬਲਜੀਤ ਸਿੰਘ ਨੇ ਜਤਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਡੰਗੋਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਉਮਰ ਕਰੀਬ 22 ਸਾਲ ਨੂੰ ਫੋਨ ਕਰ ਕੇ ਦਸਿਆ ਕਿ ਉਨ੍ਹਾਂ ਕੋਲ ਪਵਨਪ੍ਰੀਤ ਕੌਰ ਨਾਮਕ ਕੁੜੀ ਹੈ ਜੋ ਕਿ ਬੰਗਾ ਵਿਚ ਰਹਿੰਦੀ ਹੈ ਤੇ ਉਸਦੇ ਆਈਲਟਸ 'ਚ 7.5 ਬੈਂਡ ਆਏ ਹੋਏ ਹਨ ਤੇ ਜੇਕਰ ਉਹ ਸਪਾਊਸ ਬਣ ਕੇ ਊਸ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਪਵਨਪ੍ਰੀਤ ਨਾਲ ਵਿਆਹ ਕਰਵਾ ਕੇ ਜਾ ਸਕਦੇ ਹਨ, ਜਿਸ ਲਈ ਉਸ ਤੋਂ 14 ਲੱਖ ਰੁਪਏ ਦੀ ਮੰਗ ਕੀਤੀ ਗਈ। ਥਾਣਾ ਮੁਖੀ ਨੇ ਦਸਿਆ ਕਿ ਉਹ ਇਸ ਗੱਲ 'ਤੇ ਸਹਿਮਤ ਹੋ ਗਿਆ ਤੇ ਜਤਿੰਦਰ ਸਿੰਘ ਨੇ ਬਲਜੀਤ ਸਿੰਘ ਦੇ ਦਸੇ ਖਾਤੇ 'ਚ ਵੱਖ ਵੱਖ 2 ਮਿਤੀਆਂ ਨੂੰ 14 ਲੱਖ ਰੁਪਏ ਟ੍ਰਾਂਸਫਰ ਕਰਵਾ ਦਿਤੇ। ਇੰਮੀਗ੍ਰੇਸ਼ਨ ਕੰਪਨੀ ਵਾਲਿਆਂ ਨੇ ਜਤਿੰਦਰ ਦਾ ਵਿਆਹ 24 ਜਨਵਰੀ 2019 ਨੂੰ ਪਵਨਪ੍ਰੀਤ ਕੌਰ (ਕਾਲਪਨਿਕ ਨਾਮ) ਨਾਲ ਚੰਡੀਗੜ੍ਹ ਦੇ ਇਕ ਗੁਰਦਵਾਰਾ ਸਾਹਿਬ ਵਿਖੇ ਕਰਵਾ ਦਿਤਾ। ਬਾਅਦ 'ਚ ਇੰਮੀਗ੍ਰੇਸ਼ਨ ਕੰਪਨੀ ਵਾਲੇ ਦਫ਼ਤਰ ਬੰਦ ਕਰ ਕੇ ਭੱਜ ਗਏ । ਜਦੋਂ ਜਤਿੰਦਰ ਨੇ ਪਵਨਪ੍ਰੀਤ ਕੌਰ ਦੇ ਅਸਲ ਰਿਹਾਇਸ਼ ਪਤੇ ਬੰਗਾ ਜਾ ਕੇ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਤਾਂ ਇਕ ਸਾਲ ਪਹਿਲਾਂ ਹੀ ਆਸਟਰੇਲੀਆ ਵਿਖੇ ਰਹਿ ਰਹੀ ਹੈ ਤੇ ਉਸ ਨਾਲ ਵਿਆਹ ਕਰਨ ਵਾਲੀ ਲੜਕੀ ਫ਼ਰਜੀ ਸੀ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫ਼ਰਜ਼ੀ ਪਵਨਪ੍ਰੀਤ ਬਣੀ ਕੁੜੀ ਅਸਲ 'ਚ ਮਨਜੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਪਿੰਡ ਹਰਿਆਊ ਖੁਰਦ ਜ਼ਿਲ੍ਹਾ ਪਟਿਆਲਾ ਸੀ ਤੇ ਜਿਸ ਲੜਕੀ ਦੇ ਖਾਤੇ ਵਿਚ ਪੈਸੇ ਟ੍ਰਾਂਸਫ਼ਰ ਹੋਏ ਸਨ ਉਹ ਅਮਦੀਪ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਜ਼ਿਲ੍ਹਾ ਬਠਿੰਡਾ ਹੈ। ਦੋਵੇਂ ਕੁੜੀਆਂ ਜੀ.ਐਨ.ਐਮ. ਨਰਸਿੰਗ ਪਾਸ ਹਨ ਤੇ ਨੌਕਰੀ ਦੀ ਭਾਲ ਵਿਚ ਬਲਜੀਤ ਸਿੰਘ ਨੂੰ ਮਿਲੀਆਂ ਸਨ ਜਿਸ ਦਾ ਪਛੋਕੜ ਕਰੀਮੀਨਲ ਹੈ ਤੇ ਉਸ ਵਿਰੁਧ ਕਈ ਮੁਕੱਦਮੇ ਚਲਦੇ ਹਨ ਤੇ ਹੁਣ ਵੀ ਪਟਿਆਲਾ ਜੇਲ ਵਿਚ ਬੰਦ ਹੈ । ਇਸ ਤੋਂ ਇਲਾਵਾ ਇਕ ਹੋਰ ਮਹਿਲਾ ਸੁਮਨ ਸ਼ਰਮਾ ਪਤਨੀ ਪੰਕਜ ਬੈਂਸ ਵਾਸੀ ਪਿੰਡ ਹਯਾਤਨਗਰ ਮੌਜੂਦਾ ਵਾਸੀ ਕਿਰਾਏਦਾਰ ਮਕਾਨ ਨੰਬਰ 158 ਜਰਨੈਲ ਇਨਕਲੇਵ ਜ਼ੀਰਕਪੁਰ ਹੈ, ਜਿਸ ਨੇ ਫ਼ੋਨ ਰਾਹੀਂ ਵਿਆਹ ਕਰਨ ਲਈ ਮੁੰਡੇ ਨੂੰ ਮਨਾਇਆ ਸੀ ਤੇ ਪੈਸੇ ਟ੍ਰਾਂਸਫਰ ਕਰਵਾਏ ਸੀ ਨੂੰ ਵੀ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ । ਥਾਣਾ ਮੁਖੀ ਨੇ ਦਸਿਆ ਕਿ ਬਲਜੀਤ ਸਿੰਘ ਨੂੰ ਪ੍ਰੋਡਕਸਨ ਵਾਰੰਟ 'ਤੇ ਪਟਿਆਲਾ ਜੇਲ ਤੋਂ ਲਿਆਂਦਾ ਜਾਵੇਗਾ ਜਿਸ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਆਸ ਹੈ ।