ਚੰਡੀਗੜ੍ਹ : ਅੱਜ ਕਿਸਾਨਾਂ ਦੇ ਨਾਲ ਹੀ ਦੇਸ਼ ਭਰ ਦੇ ਬੈਂਕ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਇਸ ਲਈ ਸਮੁੱਚੇ ਦੇਸ਼ 'ਚ ਅੱਜ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਅੱਜ ਵੱਖੋ-ਵੱਖਰੇ ਸਰਕਾਰੀ, ਨਿੱਜੀ ਤੇ ਕੁਝ ਵਿਦੇਸ਼ੀ ਬੈਂਕਾਂ ਦੇ ਚਾਰ ਲੱਖ ਕਰਮਚਾਰੀ ਟ੍ਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਕੌਮੀ ਪੱਧਰੀ ਹੜਤਾਲ 'ਚ ਹਿੱਲਾ ਲੈ ਰਹੇ ਹਨ। ਭਾਰਤੀ ਮਜ਼ਦੂਰ ਸੰਘ ਨੂੰ ਛੱਡ ਕੇ 10 ਕੇਂਦਰੀ ਟ੍ਰੇਡ ਯੂਨੀਅਨਾਂ ਨੇ ਅੱਜ ਵੀਰਵਾਰ ਨੂੰ ਵੱਖੋ-ਵੱਖਰੀਆਂ ਸਰਕਾਰੀ ਨੀਤੀਆਂ ਦੇ ਵਿਰੋਧ 'ਚ ਇੱਕ-ਦਿਨਾ ਹੜਤਾਲ ਕੀਤੀ ਹੈ। ਟ੍ਰੇਡ ਯੂਨੀਅਨਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਦਾ ਵੀ ਐਲਾਨ ਕੀਤਾ ਹੈ।
ਕੇਂਦਰੀ ਟ੍ਰੇਡ ਯੂਨੀਅਨਾਂ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ 26 ਨਵੰਬਰ ਨੂੰ ਸਮੁੱਚੇ ਦੇਸ਼ ਵਿੱਚ ਆਮ ਹੜਤਾਲ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉੱਤੇ ਹਨ ਤੇ ਲਗਪਗ 25 ਕਰੋੜ ਕਰਮਚਾਰੀ ਇਸ ਵਿੱਚ ਭਾਗ ਲੈਣਗੇ। 10 ਕੇਂਦਰੀ ਟ੍ਰੇਡ ਯੂਨੀਅਨਾਂ-ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਇੰਟਕ), ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ (ਏਟਕ), ਹਿੰਦ ਮਜ਼ਦੂਰ ਸਭਾ (ਐਚਐਮਐਸ), ਸੈਂਟਰ ਫ਼ਾਰ ਇੰਡੀਅਨ ਟ੍ਰੇਡ ਯੂਨੀਅਨਜ਼ (ਸੀਟੂ), ਆਲ ਇੰਡੀਆ ਯੂਨਾਈਟਿਡ ਟ੍ਰੇਡ ਯੂਨੀਅਨ ਸੈਂਟਰ (ਏਆਈਟੀਯੂਸੀ), ਟ੍ਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ (TUCC), ਸੈਲਫ਼-ਇੰਪਲਾਇਡ ਵੋਮੈਨਜ਼ ਐਸੋਸੀਏਸ਼ਨ (ਸੇਵਾ), ਆਲ ਇੰਡੀਆ ਸੈਂਟਰਲ ਕੌਂਸਲ ਆੱਫ਼ ਟ੍ਰੇਡ ਯੂਨੀਅਨਜ਼ (ਏਆਈਸੀਸੀਟੀਯੂ), ਲੇਬਰ ਪ੍ਰੋਗਰੈਸਿਵ ਫ਼ੈਡਰੇਸ਼ਨ (LPF) ਅਤੇ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ (UTUC) ਦੀ ਸਾਂਝੀ ਫ਼ੋਰਮ ਨੇ ਇਸ ਬਾਰੇ ਸਾਂਝਾ ਬਿਆਨ ਜਾਰੀ ਕੀਤਾ।
ਆਲ ਇੰਡੀਆ ਇੰਡੀਅਨ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਨੇ ਵੀ ਕੇਂਦਰੀ ਟ੍ਰੇਡ ਯੂਨੀਅਨਾਂ ਦੀ ਅੱਜ ਦੀ ਦੇਸ਼-ਪੱਧਰੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੋਇਆ ਹੈ। ਹੜਤਾਲ ਦਾ ਇਹ ਸੱਦਾ ਸਰਕਾਰ ਦੀਆਂ 'ਕਰਮਚਾਰੀ ਵਿਰੋਧੀ ਨੀਤੀਆਂ' ਕਾਰਨ ਕੀਤਾ ਗਿਆ ਹੈ। ਉੱਧਰ ਬੀਐਮਐਸ ਨੇ ਕਿਹਾ ਸੀ ਕਿ ਉਹ ਅਤੇ ਉਸ ਦੀਆਂ ਇਕਾਈਆਂ ਅੱਜ ਦੀ ਹੜਤਾਲ ਵਿੱਚ ਸ਼ਾਮਲ ਨਹੀਂ ਹੋਣਗੀਆਂ ਕਿਉਂਕਿ ਇਹ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੈ।