ਦੁਬਈ, (ਏਜੰਸੀ) : ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਪ੍ਰਵਾਸੀਆਂ ਲਈ ਵਿਆਹ ਦੇ ਨਿਯਮਾਂ ਤੋਂ ਵੱਖ ਭਾਰਤ ਦੇ ਇਕ ਹਿੰਦੂ ਵਿਅਕਤੀ ਅਤੇ ਮੁਸਲਿਮ ਮਹਿਲਾ ਦੀ ਬੇਟੀ ਨੂੰ ਜਨਮ ਸਰਟੀਫਿਕੇਟ ਦੇ ਦਿਤਾ। ਮੀਡੀਆ ਖਬਰਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਪ੍ਰਵਾਸੀਆਂ ਲਈ ਵਿਆਹ ਦੇ ਨਿਯਮ ਮੁਤਾਬਕ ਮੁਸਲਿਮ ਪੁਰਸ਼ ਤਾਂ ਕਿਸੇ ਗ਼ੈਰ ਮੁਸਲਿਮ ਮਹਿਲਾ ਨਾਲ ਵਿਆਹ ਕਰ ਸਕਦਾ ਹੈ ਪਰ ਮੁਸਲਮਾਨ ਮਹਿਲਾ ਕਿਸੇ ਗ਼ੈਰ ਮੁਸਲਿਮ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ਾਰਜਾਹ ਵਿਚ ਰਹਿਣ ਵਾਲੇ ਕਿਰਨ ਬਾਬੂ ਅਤੇ ਸਨਮ ਸਾਬੂ ਸਿੱਦੀਕੀ ਨੇ ਸਾਲ 2016 ਵਿਚ ਕੇਰਲ ਵਿਚ ਵਿਆਹ ਕੀਤਾ ਸੀ। ਉਨ੍ਹਾਂ ਨੂੰ ਉਦੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਜੁਲਾਈ 2018 ਵਿਚ ਉਨ੍ਹਾਂ ਦੇ ਘਰ ਬੇਟੀ ਦਾ ਜਨਮ ਹੋਇਆ। ਬਾਬੂ ਨੇ ਕਿਹਾ, ''ਮੇਰੇ ਕੋਲ ਆਬੂ ਧਾਬੀ ਦਾ ਵੀਜ਼ਾ ਹੈ। ਮੇਰਾ ਉੱਥੇ ਬੀਮਾ ਹੈ। ਮੈਂ ਅਪਣੀ ਪਤਨੀ ਨੂੰ ਅਮੀਰਾਤ ਦੇ ਮੇਦੀਵਰ 24X7 ਹਸਪਤਾਲ ਵਿਚ ਭਰਤੀ ਕਰਵਾਇਆ। ਬੇਟੀ ਦੇ ਜਨਮ ਦੇ ਬਾਅਦ ਮੇਰੇ ਹਿੰਦੂ ਹੋਣ ਕਾਰਨ ਜਨਮ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿਤਾ ਗਿਆ।''
ਬਾਬੂ ਨੇ ਕਿਹਾ, ''ਇਸ ਮਗਰੋਂ ਮੈਂ ਅਦਾਲਤ ਜ਼ਰੀਏ ਐੱਨ.ਓ.ਸੀ. ਸਰਟੀਫਿਕੇਟ ਲਈ ਐਪਲੀਕੇਸ਼ਨ ਦਿਤੀ। ਇਸ ਲਈ ਚਾਰ ਮਹੀਨੇ ਤੁਕ ਸੁਣਵਾਈ ਚਲੀ ਪਰ ਮੇਰੇ ਮਾਮਲੇ ਨੂੰ ਖਾਰਿਜ ਕਰ ਦਿਤਾ ਗਿਆ।'' ਬਾਬੂ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਕੋਲ ਕੋਈ ਦਸਤਾਵੇਜ਼ ਨਹੀਂ ਸਨ ਤਾਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਮਾਫੀ ਮਿਲਣ 'ਤੇ ਟਿਕ ਗਈਆਂ। ਯੂ.ਏ.ਈ. ਨੇ ਸਾਲ 2019 ਨੂੰ ਸਹਿਣਸ਼ੀਲਤਾ ਦੇ ਸਾਲ ਦੇ ਤੌਰ 'ਤੇ ਐਲਾਨਿਆ। ਇਸ ਦੇ ਤਹਿਤ ਯੂ.ਏ.ਈ. ਸਹਿਣਸ਼ੀਲ ਰਾਸ਼ਟਰ ਦੀ ਮਿਸਾਲ ਪੇਸ਼ ਕਰੇਗਾ ਅਤੇ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਗੱਲਬਾਤ ਦੀ ਕਮੀ ਨੂੰ ਪੂਰਾ ਕਰੇਗਾ। ਉਹ ਅਜਿਹਾ ਮਾਹੌਲ ਬਣਾਏਗਾ ਜਿਥੇ ਲੋਕ ਇਕ-ਦੂਜੇ ਨੂੰ ਅਪਨਾਉਣ।
ਬਾਬੂ ਨੇ ਕਿਹਾ ਕਿ ਉਹ ਦਿਨ ਕਾਫੀ ਤਣਾਅ ਭਰਪੂਰ ਸਨ ਅਤੇ ਮਾਫੀ ਹੀ ਇਕ ਆਸ ਸੀ। ਇਸ ਮਾਮਲੇ ਵਿਚ ਭਾਰਤੀ ਦੂਤਵਾਸ ਨੇ ਮਦਦ ਕੀਤੀ। ਉਨ੍ਹਾਂ ਨੇ ਦਸਿਆ ਕਿ ਨਿਆਂਇਕ ਵਿਭਾਗ ਨੇ ਉਨ੍ਹਾਂ ਦੇ ਮਾਮਲੇ ਨੂੰ ਇਕ ਅਪਵਾਦ ਬਣਾਇਆ। ਬਾਬੂ ਦੁਬਾਰਾ ਅਦਾਲਤ ਗਏ ਅਤੇ ਇਸ ਵਾਰ ਉਨ੍ਹਾਂ ਦੇ ਮਾਮਲੇ ਨੂੰ ਮਨਜ਼ੂਰੀ ਮਿਲ ਗਈ। ਜੋੜੇ ਨੂੰ 14 ਅਪ੍ਰੈਲ ਨੂੰ ਉਨ੍ਹਾਂ ਦੀ ਬੇਟੀ ਦੇ ਜਨਮ ਦਾ ਸਰਟੀਫਿਕੇਟ ਮਿਲ ਗਿਆ।