ਅਮ੍ਰਿਤਸਰ : ਕਿਸਾਨਾਂ ਦੇ ਭਰੋਸੇ ਦੇਣ ਤੋਂ ਬਾਅਦ ਚੱਲੀਆਂ ਰੇਲ ਮੁਸਾਫ਼ਿਰ ਗੱਡੀਆਂ ਨੂੰ ਕਿਸਾਨਾਂ ਨੇ ਫਿਰ ਰੋਕ ਦਿੱਤਾ ਹੈ। ਮੁੰਬਈ ਤੋਂ ਅੰਮ੍ਰਿਤਸਰ ਜਾ ਰਹੀ ਫਰੰਟੀਅਰ ਮੇਲ ਨੂੰ ਮੰਗਲਵਾਰ ਹਨੇਰੇ -ਸਵੇਰੇ ਬਿਆਸ ਵਿਖੇ ਰੋਕਿਆ ਗਿਆ। ਬਾਅਦ ਵਿਚ ਇਸ ਰੇਲ ਗੱਡੀ ਨੂੰ ਵਾਇਆ ਤਰਨਤਾਰਨ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਿਛਲੇ 61 ਦਿਨਾਂ ਤੋਂ ਇਸ ਰੇਲ ਟਰੈਕ 'ਤੇ ਧਰਨਾ ਲਾਈ ਬੈਠੀ ਹੈ ਅਤੇ ਇਸ ਕਿਸਾਨ ਜਥੇਬੰਦੀ ਨੇ 30 ਕਿਸਾਨ ਸੰਗਠਨਾਂ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰ ਦਿੱਤੀ ਹੈ , ਜਿਸ ਵਿਚ 10 ਦਸੰਬਰ ਤਕ ਮਾਲ ਅਤੇ ਮੁਸਾਫ਼ਿਰ ਗੱਡੀਆਂ ਦੇ ਆਉਣ -ਜਾਨ 'ਤੇ ਸਹਿਮਤੀ ਦਿੱਤੀ ਗਈ ਸੀ।
ਅੰਦੋਲਨਕਾਰੀ 30 ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਚ ਖਾਦ ਅਤੇ ਹੋਰ ਜਰੂਰਤਾਂ ਦੀਆਂ ਵਸਤਾਂ ਦੀ ਸਪਲਾਈ ਦੇ ਮੱਦੇਨਜ਼ਰ ਮਾਲ ਦੇ ਨਾਲ ਨਾਲ ਮੁਸਾਫ਼ਿਰ ਰੇਲ ਗੱਡੀਆਂ ਦੇ ਆਵਾਗਮਨ ਨੂੰ ਸਹਿਮਤੀ ਦਿੱਤੀ ਸੀ। ਇਸਤੋਂ ਬਾਅਦ ਹੀ ਰੇਲਵੇ ਨੇ ਰੇਲਾਂ ਦੇ ਆਉਣ -ਜਾਣ ਬਾਰੇ ਆਰਜ਼ੀ ਨੋਟੀਫੀਕੇਸ਼ਨ ਜਾਰੀ ਕੀਤਾ ਸੀ। ਪਰ ਕਿਸਾਨ -ਮਜਦੂਰ ਸੰਘਰਸ਼ ਕਮੇਟੀ ਨੇ ਇਸ 'ਤੇ ਅਸਹਿਮਤੀ ਪ੍ਰਗਟ ਕਰ ਦਿੱਤੀ ਹੈ। ਸੋਮਵਾਰ ਸ਼ਾਮ ਤਕ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਵੱਲੋ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ , ਜੋ ਕਿ ਅਸਫਲ ਰਹੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਉਹ ਸਿਰਫ ਮਾਲ ਰੇਲ ਗੱਡੀਆਂ ਦੇ ਆਉਣ -ਜਾਣ 'ਤੇ ਹੀ ਸਹਿਮਤ ਹਨ , ਮੁਸਾਫ਼ਿਰ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਮੇਟੀ ਦੇ ਫੈਸਲੇ 'ਤੇ ਚਿੰਤਾ ਅਤੇ ਨਾਰਾਜਗੀ ਪ੍ਰਗਟ ਕੀਤੀ ਸੀ , ਪਰ ਉਸਦੇ ਬਾਵਜੂਦ ਵੀ ਕਿਸਾਨਾਂ ਨੇ ਆਪਣੇ ਧਰਨਾ ਰੇਲਵੇ ਟਰੈਕ ਤੋਂ ਨਹੀਂ ਹਟਾਇਆ। ਮੁੰਬਈ ਤੋਂ ਆ ਰਹੀ ਫਰੰਟੀਅਰ ਮੇਲ ਰੇਲ ਗੱਡੀ ਦੀ ਸੂਚਨਾ ਮਿਲਣ ਤੋਂ ਬਾਅਦ ਕਿਸਾਨ ਅੱਧੀ ਰਾਤ ਨੂੰ ਹੀ ਜੰਡਿਆਲਾ ਰੇਲਵੇ ਟਰੈਕ 'ਤੇ ਆ ਗਏ ਅਤੇ ਮੁੜ ਧਰਨਾ ਲਾ ਦਿੱਤਾ। ਕਿਸਾਨਾਂ ਨੇ ਰੇਲਾਂ ਦੇ ਚੱਲਣ 'ਤੇ ਮੁੱਖ ਮੰਤਰੀ ਅਤੇ ਕਿਸਾਨ ਜਥੇਬੰਦੀਆਂ ਦੇ ਕੇੰਦਰ ਸਰਕਾਰ ਨਾਲ ਮਿਲੇ ਹੋਣੇ ਦੇ ਦੋਸ਼ ਵੀ ਲਾਏ। ਦੂਜੇ ਪਾਸੇ 30 ਕਿਸਾਨ ਸੰਗਠਨਾਂ 'ਚੋ ਇਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਮੀਟਿੰਗ ਸੱਦੀ ਹੈ , ਜਿਸ ਵਿਚ 26 ਅਤੇ 27 ਨਵੰਬਰ ਦੇ ਦਿੱਲੀ ਕੂਚ ਦੀ ਰਣਨੀਤੀ ਬਾਰੇ ਖੁਲਾਸਾ ਕੀਤਾ ਜਾਵੇਗਾ।