ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਰੋਸ ਪ੍ਰਦਰਸ਼ਨ ਕਰਨ ਆ ਰਹੇ ਕਿਸਾਨਾਂ ਵੱਲੋਂ ਰਾਸ਼ਨ ਇਕੱਠਾ ਕਰਨ ਦੀਆਂ ਰਿਪੋਰਟਾਂ ਉਹਨਾਂ ਨੇ ਵੇਖੀਆਂ ਹਨ ਤੇ ਉਹ ਦਿੱਲੀ ਆ ਰਹੇ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਲੰਗਰ ਜਾਂ ਰਾਸ਼ਨ ਪਾਣੀ ਦਾ ਫ਼ਿਕਰ ਨਾ ਕਰਨ, ਜਿੰਨੇ ਵੀ ਦਿਨ ਕਿਸਾਨ ਦਿੱਲੀ ਠਹਿਰਾਣਗੇ, ਉਹਨਾਂ ਲਈ ਲੰਗਰ ਤੇ ਜ਼ਰੂਰੀ ਵਸਤਾਂ ਦਾ ਇੰਤਜ਼ਾਮ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ।
ਸ੍ਰੀ ਸਿਰਸਾ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਲੜਾਈ ਸਾਡੀ ਆਪਣੀ ਲੜਾਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਤੇ ਪਾਰਟੀ ਦੀ ਦਿੱਲੀ ਇਕਾਈ ਦੀ ਡਿਊਟੀ ਲਗਾਈ ਹੈ ਕਿ ਦਿੱਲੀ ਠਹਿਰਾਅ ਦੌਰਾਨ ਕਿਸਾਨਾਂ ਵਾਸਤੇ ਲੰਗਰ ਪਾਣੀ ਦਾ ਇੰਤਜ਼ਾਮ ਉਹ ਕਰਨ।
ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਜੀ ਆਇਆਂ ਆਖਦੇ ਹੋਏ ਅਪੀਲ ਕਰਦੇ ਹਾਂ ਕਿ ਉਹ ਬੇਫਿਕਰ ਹੋ ਕੇ ਦਿੱਲੀ ਆਉਣ ਤੇ ਜਿੰਨੇ ਵੀ ਦਿਨ ਤੁਹਾਨੂੰ ਲੰਗਰ ਪਾਣੀ ਦੀ ਜ਼ਰੂਰਤ ਹੋਵੇ, ਤੁਹਾਨੂੰ ਕੋਈ ਰਾਸ਼ਨ ਪਾਣੀ ਇਕੱਠਾਕਰਨ ਦੀ ਜ਼ਰੂਰਤ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਆਪ ਸੰਗਤਾਂ ਦੀ ਸੇਵਾ ਕਰੇਗੀ।