ਕੋਲੰਬੋ, (ਏਜੰਸੀ) : ਸ਼੍ਰੀਲੰਕਾ ਵਿਚ ਈਸਟਰ ਮੌਕੇ 'ਤੇ ਹੋਏ ਬੰਬ ਧਮਾਕਿਆਂ ਦੇ ਸਿਲਸਿਲੇ ਵਿਚ ਤਮਿਲ ਮੀਡੀਅਮ ਸਕੂਲ ਦੇ ਇਕ ਅਧਿਆਪਕ ਅਤੇ ਇਕ ਸਕੂਲ ਪ੍ਰਿੰਸੀਪਲ ਸਮੇਤ ਕੁੱਲ 106 ਸ਼ੱਕੀਆਂ ਨੂੰ ਗਿਫ਼ਤਾਰ ਕੀਤਾ ਗਿਆ ਹੈ।
- ਛਾਪੇਮਾਰੀ ਦੌਰਾਨ ਖੁਦ ਨੂੰ ਉਡਾਉਣ ਵਾਲੇ ਤਿੰਨ ਅਤਿਵਾਦੀ ਸਾਡੇ ਮੈਂਬਰ ਸਨ: ਇਸਲਾਮਿਕ ਸਟੇਟ,
|
ਗ੍ਰਿਫ਼ਤਾਰ ਕੀਤੇ ਅਧਿਆਪਕ ਕੋਲੋਂ 50 ਸਿਮ ਕਾਰਡ ਅਤੇ ਸ਼ੱਕੀ ਸਮੱਗਰੀ ਕੀਤੀ ਬਰਾਮਦ
ਨਾਲ ਹੀ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਸੂਬੇ ਵਿਚ ਇਕ ਛਾਪੇਮਾਰੀ ਦੌਰਾਨ ਖੁਦ ਨੂੰ ਉਡਾ ਲੈਣ ਵਾਲੇ ਤਿੰਨ ਅਤਿਵਾਦੀ ਉਸ ਦੇ ਮੈਂਬਰ ਸਨ। ਪੁਲਿਸ ਅਤੇ ਸੁਰੱਖਿਆ ਬਲ ਈਸਟਰ 'ਤੇ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਸਥਾਨਕ ਅਤਿਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਨ (ਐੱਨ.ਟੀ.ਜੇ.) ਦੇ ਮੈਂਬਰਾਂ ਦੀ ਲਗਾਤਾਰ ਤਲਾਸ਼ ਕਰ ਰਹੇ ਹਨ। ਤਿੰਨ ਚਰਚਾਂ ਅਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਹੋਏ ਇਨ੍ਹਾਂ ਧਮਾਕਿਆਂ ਵਿਚ 253 ਲੋਕ ਮਾਰੇ ਗਏ ਅਤੇ 500 ਤੋਂ ਵੱਧ ਜ਼ਖ਼ਮੀ ਹੋਏ ਸਨ। 'ਕੋਲੰਬੋ ਪੇਜ' ਨੇ ਖਬਰ ਦਿਤੀ ਕਿ ਸੀ.ਆਈ.ਡੀ. ਇਨ੍ਹਾਂ 106 ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਰੀਪੋਰਟ ਵਿਚ ਦਸਿਆ ਗਿਆ ਕਿ ਗ੍ਰਿਫ਼ਤਾਰ ਲੋਕਾਂ ਵਿਚ ਇਕ ਤਮਿਲ ਮੀਡੀਅਮ ਸਕੂਲ ਦਾ ਅਧਿਆਪਕ ਵੀ ਸ਼ਾਮਲ ਹੈ, ਜਿਸ ਕੋਲੋਂ 50 ਸਿਮ ਕਾਰਡ ਅਤੇ ਹੋਰ ਸ਼ੱਕੀ ਸਮੱਗਰੀ ਬਰਾਮਦ ਕੀਤੀ ਗਈ ਹੈ। ਕਲਪੀਤੀਆ ਪੁਲਿਸ ਅਤੇ ਸੰਮੁਦਰੀ ਫ਼ੌਜ ਦੀ ਇਕ ਸਾਂਝੀ ਮੁਹਿੰਮ ਵਿਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਾਯੂਨਿਆ ਸ਼ਹਿਰ ਵਿਚ ਫ਼ੌਜ ਅਤੇ ਪੁਲਿਸ ਦੀ ਇਕ ਵਿਸ਼ੇਸ਼ ਸੰਯੁਕਤ ਮੁਹਿੰਮ ਵਿਚ 10 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਮੁੱਖ ਸੜਕਾਂ ਨੂੰ ਬੰਦ ਕਰ ਦਿਤਾ ਗਿਆ ਅਤੇ ਕਰੀਬ 3 ਘੰਟੇ ਤਕ ਤਲਾਸ਼ੀ ਮੁਹਿੰਮ ਚਲਾਈ ਗਈ। ਇਲਾਕੇ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿਤੀ ਗਈ ਹੈ। ਇਸ ਵਿਚਕਾਰ ਐੱਨ.ਟੀ.ਜੇ. ਵਲੋਂ ਇਕ ਸਕੂਲ ਦੇ ਬਾਰੇ ਵਿਚ ਸੂਚਨਾ ਮਿਲਣ ਦੇ ਬਾਅਦ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਗੈਲੇ ਦੇ ਡਮਗੇਦਰਾ ਇਲਾਕੇ ਵਿਚੋਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚ ਇਕ ਸ਼ੱਕੀ ਸਕੂਲ ਦਾ ਪ੍ਰਿੰਸੀਪਲ ਹੈ ਅਤੇ ਦੂਜਾ ਡਾਕਟਰ ਹੈ ਜਿਸ ਨੇ ਇਕ ਟਰੇਨਰ ਦੇ ਰੂਪ ਵਿਚ ਕੰਮ ਕੀਤਾ ਹੈ। ਗੈਲੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼੍ਰੀਲੰਕਾ ਨੇ ਸਨਿਚਰਵਾਰ ਨੂੰ ਐੱਨ.ਟੀ.ਜੇ. ਅਤੇ ਇਸਲਾਮਿਕ ਸਟੇਟ ਨਾਲ ਜੁੜੇ ਇਕ ਸਮੂਹ ਨੂੰ ਪਾਬੰਦੀਸ਼ੁਦਾ ਕਰ ਦਿਤਾ।