ਜਲੰਧਰ : ਫਿਰੋਜ਼ਪੁਰ ਰੇਲ ਮੰਡਲ ਵਿਚ ਕਿਸਾਨ ਅੰਦੋਲਨ ਕਾਰਣ ਬੰਦ ਹੋਈਆਂ ਰਲ ਗੱਡੀਆਂ ਤੋਂ ਬਾਅਦ ਅੱਜ ਜਲੰਧਰ ਤੋਂ ਪਾਣੀਪਤ ( ਹਰਿਆਣਾ) ਵਿਖੇ ਪਹਿਲੀ ਰੇਲ ਗੱਡੀ ਰਵਣਾ ਕੀਤੀ ਗਈ। ਅੱਜ ਹੀ ਹੋਰ ਰੇਲਾਂ ਵੀ ਹੋਰਨਾਂ ਸੂਬਿਆਂ ਵੱਲ ਰਵਾਨਾ ਕੀਤੀਆਂ ਜਾਣੀਆਂ ਹਨ। ਅਜਿਹੀ ਸੰਭਾਵਨਾ ਹੈ ਕਿ ਕੱਲ੍ਹ ਮੰਗਲਵਾਰ ਤੋਂ ਪੰਜਾਬ ਤੋਂ ਹੋਰਨਾਂ ਸੂਬਿਆਂ ਤੋਂ ਵੀ ਰੇਲਾਂ ਆਉਣਗੀਆਂ। ਜਿਕਰਯੋਗ ਹੈ ਕਿ ਰੇਲ ਆਵਜਾਹੀ ਲਈ ਰੇਲਵੇ ਪਹਿਲਾਂ ਹੀ ਨੋਟੀਫੀਕੇਸ਼ਨ ਜਾਰੀ ਕਰ ਚੁੱਕਿਆ ਹੈ। ਸੂਬੇ ਵਿਚ ਕਿਸਾਨ ਅੰਦੋਲਨ ਕਾਰਣ ਪਿਛਲੇ 50 ਦਿਨਾਂ ਤੋਂ ਰੇਲਾਂ ਦੀ ਆਵਜਾਹੀ ਬੰਦ ਸੀ। ਰੇਲਾਂ ਚੱਲਣ ਨਾਲ ਸੂਬੇ ਦੀ ਵਪਾਰਿਕ ਰਾਜਧਾਨੀ ਲੁਧਿਆਣਾ ਦੇ ਇਨਲੈਂਡ ਕੰਟੇਨਰ ਡਿਪੂ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਨਾਲ ਲੁਧਿਆਣਾ ਤੋਂ ਇੰਪੋਰਟ -ਐਕ੍ਸਪੋਰ੍ਟ ਦਾ ਕੰਮ ਮੁੜ ਤੋਂ ਸ਼ੁਰੂ ਹੋ ਜਾਵੇਗਾ। ਖਾਸ ਤੌਰ 'ਤੇ ਇਥੋਂ ਅਮਰੀਕਾ ਅਤੇ ਯੂ ਕੇ ਨੂੰ ਕੰਟੇਨਰ ਭੇਜੇ ਜਾਣੇ ਹਨ , ਜਿੱਥੇ ਕ੍ਰਿਸਮਿਸ ਤਿਓਹਾਰ ਕਰਕੇ ਹੌਜ਼ਰੀ ਮਾਲ ਦੀ ਮੰਗ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਡੀ ਆਰ ਐਮ ਰਾਜੇਸ਼ ਅੱਗਰਵਾਲ ਅਨੁਸਾਰ , ਕਿਸਾਨ ਜਥੇਬੰਦੀਆਂ ਦੇ ਸਾਰੇ ਸਥਾਨਾਂ ਤੋਂ ਰੇਲ ਟਰੈਕ ਤੋਂ ਹੱਟ ਜਾਣ ਦੀ ਉਮੀਦ ਹੈ। ਰੇਲਾਂ ਦੇ ਆਵਾਗਮਨ ਲਈ ਸੂਬੇ ਵਿਚ ਜਲੰਧਰ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ , ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਰੇਲ ਲਾਈਨ 'ਤੇ ਰੇਲ ਗੱਡੀ ਚਲਾ ਕੇ ਟਰਾਇਲ ਕੀਤਾ ਗਿਆ। ਭਾਵੇ ਕੁਛ ਸਥਾਨਾਂ 'ਤੇ ਕਿਸਾਨ ਹਾਲੇ ਵੀ ਰੇਲ ਟਰੈਕ 'ਤੇ ਧਰਨੇ ਲਈ ਅੜੇ ਹੋਏ ਹਨ। ਅੰਮ੍ਰਿਤਸਰ ਵਿਚ ਧਰਨਾ ਦੇ ਰਹੀ ਕਿਸਾਨ -ਮਜਦੂਰ ਸੰਘਰਸ਼ ਕਮੇਟੀ ਮੁਸਾਫ਼ਿਰ ਗੱਡੀਆਂ ਦੇ ਚਲਾਉਣ ਨਾਲ ਸਹਿਮਤ ਨਹੀਂ ਹੈ ਅਤੇ ਉਸਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਮੀਟਿੰਗ ਵੀ ਮੁਲਤਵੀ ਹੋ ਗਈ ਹੈ।