ਬਠਿੰਡਾ : ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਵਿਖੇ ਦਿਨ-ਦਿਹਾੜੇ ਡੇਰਾ ਪ੍ਰੇਮੀ ਦੇ ਹੋਏ ਕਤਲ ਦਾ ਮਾਮਲਾ ਹੁਣ ਨਵਾਂ ਰੁਖ਼ ਲੈ ਗਿਆ ਹੈ। ਡੇਰਾ ਪ੍ਰੇਮੀਆਂ ਨੇ ਹੁਣ ਬੇਅਦਬੀ ਦੇ ਕੇਸਾਂ ਵਿਚੋਂ ਅਪਣੇ ਪ੍ਰੇਮੀਆਂ ਦੇ ਨਾਮ ਬਾਹਰ ਕਢਣ ਦੀ ਮੰਗ ਰੱਖ ਦਿਤੀ ਹੈ। ਭਗਤਾ ਭਾਈ ਕਾਂਡ ਵਿਚ ਸ਼ਾਮਲ ਜਤਿੰਦਰਪਾਲ ਅਰੋੜਾ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਅਰੋੜਾ ਦਾ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦੀ ਦੁਕਾਨ ਵਿਚ ਕਤਲ ਕਰ ਦਿਤਾ ਸੀ।
ਇਸ ਕਾਂਡ ਦੀ ਗੈਗਸਟਰ ਸੁੱਖਾ ਲੰਮੇਪੁਰ ਵਾਲਾ ਗਰੁਪ ਨੇ ਫ਼ੇਸਬੁੱਕ ਉਪਰ ਜ਼ਿੰਮੇਵਾਰੀ ਲੈ ਕੇ ਕਥਿਤ ਕਾਤਲਾਂ ਦੇ ਨਾਮ ਵੀ ਉਜਾਗਰ ਕੀਤੇ ਹਨ। ਇਸ ਤੋਂ ਇਲਾਵਾ ਇਸ ਗਰੁਪ ਵਲੋਂ ਬੀਤੀ ਸ਼ਾਮ ਇਸੇ ਫ਼ੇਸਬੁੱਕ ਪੇਜ ਉਪਰ ਇਕ ਹੋਰ ਪੋਸਟ ਪਾ ਕੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਿਸੇ ਧਰਮ ਜਾਂ ਵਿਅਕਤੀ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ, ਬਲਕਿ ਉਨ੍ਹਾਂ ਵਲੋਂ ਮਨੋਹਰ ਲਾਲ ਅਰੋੜਾ ਦੇ ਕਤਲ ਦਾ ਮੁੱਖ ਕਾਰਨ ਉਸ ਦੇ ਪ੍ਰਵਾਰ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸੀ।
ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਗਰੁਪ ਨੇ ਅੱਜ ਫ਼ੇਸਬੁੱਕ 'ਤੇ ਇਕ ਹੋਰ ਪੋਸਟ ਪਾ ਕੇ ਧਰਨਾਕਾਰੀਆਂ 'ਤੇ ਹੱਲਾ ਬੋਲਿਆ। ਪੋਸਟ ਵਿਚ ਲਿਖਿਆ ਹੈ, ''ਆਹ ਜੋ ਸਲਾਬਤਪੁਰੇ ਧਰਨਾ ਲਾਈ ਬੈਠੇ ਆ, ਉਹ ਇਹ ਦਸਣ ਕਿ ਇਹਨੇ ਕੀ ਮਹਾਨ ਕੰਮ ਕਰਿਆ ਸੀ ਜਿਹੜਾ ਧਰਨਾ ਲਾਇਐ ਤੁਸੀਂ।
ਇਕ ਨਹੀਂ ਚਾਰ ਬੇਅਦਬੀਆਂ ਕੀਤੀਆਂ ਇਸ ਨੇ, ਭਗਤੇ ਜਾ ਕੇ ਪਤਾ ਕਰੋ ਕਿ ਬੇਅਦਬੀ ਵਿਚ ਇਸ ਦਾ ਹੱਥ ਸੀ ਕਿ ਇਸ ਦੇ ਕੱਲੇ ਮੁੰਡੇ ਦਾ ? ਸਾਡਾ ਨਾ ਤਾਂ ਪ੍ਰੇਮੀਆਂ ਨਾਲ ਕੋਈ ਵੈਰ ਹੈ ਨਾ ਕਿਸੇ ਧਰਮ ਜਾਤ ਨਾਲ। ਸਾਡਾ ਤਾਂ ਵੈਰੀ ਉਹ ਆ ਜੋ ਸਿੱਖਾਂ ਵਿਰੁਧ ਜਾ ਕੇ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ ਜੇ ਹੋਰ ਕੋਈ ਵੀ ਇਸ ਤਰ੍ਹਾਂ ਕਰੇਗਾ ਤਾਂ ਉਸ ਨਾਲ ਵੀ ਇਹੀ ਹੋਊ। ਜੇ ਗੁਰੂ ਸਾਹਿਬ ਨੇ ਫਿਰ ਮੌਕਾ ਦਿਤਾ, ਫਿਰ ਕਰਾਂਗੇ।''