ਮੁੰਬਈ : ‘ਹਿਚਕੀ’ ਫੇਮ ਲੀਨਾ ਆਚਾਰੀਆ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਡੇਢ ਸਾਲ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ। ਖ਼ਬਰਾਂ ਮੁਤਾਬਕ ਮਾਂ ਨੇ ਵੀ ਉਸ ਨੂੰ ਆਪਣੀ ਕਿਡਨੀ ਦਿੱਤੀ ਸੀ। ਇਸ ਦੇ ਬਾਵਜੂਦ ਉਹ ਲੰਮੇ ਸਮੇਂ ਤਕ ਜਿਊਂਦੀ ਨਹੀਂ ਰਹਿ ਸਕੀ। ਸ਼ਨੀਵਾਰ ਦਿੱਲੀ ਦੇ ਹਸਪਤਾਲ ’ਚ ਉਸ ਨੇ ਦਮ ਤੋੜਿਆ। ਲੀਨਾ ਆਚਾਰੀਆ ਵੈੱਬ ਸ਼ੋਅ ‘ਕਲਾਸ ਆਫ 2020’, ਟੀ. ਵੀ. ਸ਼ੋਅ ‘ਸੇਠ ਜੀ’, ‘ਆਪਕੇ ਆ ਜਾਨੇ ਸੇ’ ਤੇ ‘ਮੇਰੀ ਹਾਨੀਕਾਰਕ ਬੀਵੀ’ ’ਚ ਨਜ਼ਰ ਆ ਚੁੱਕੀ ਹੈ।
ਲੀਨਾ ਦੇ ਸਹਿ-ਕਲਾਕਾਰ ਰੋਹਨ ਮਹਿਰਾ ਨੇ ਉਸ ਨੂੰ ਸ਼ਰਧਾਂਜਲੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਪੋਸਟ ਲਿਖੀ। ਰੋਹਨ ਨੇ ਲੀਨਾ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਲੀਨਾ ਮੈਮ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਪਿਛਲੇ ਸਾਲ ਇਸੇ ਸਮੇਂ ਅਸੀਂ ਲੋਕ ‘ਕਲਾਸ ਆਫ 2020’ ਦੀ ਸ਼ੂਟਿੰਗ ਕਰ ਰਹੇ ਸੀ। ਤੁਸੀਂ ਬਹੁਤ ਯਾਦ ਆਓਗੇ।’
ਸੀਰੀਅਲ ‘ਸੇਠ ਜੀ’ ’ਚ ਲੀਨਾ ਦੇ ਆਨਸਕ੍ਰੀਨ ਬੇਟੇ ਵਰਸ਼ਿਪ ਖੰਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ‘ਡੇਢ ਸਾਲ ਤੋਂ ਅਦਾਕਾਰਾ ਕਿਡਨੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਕੁਝ ਸਮਾਂ ਪਹਿਲਾਂ ਹੀ ਉਸ ਦੀ ਮਾਂ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਿੱਤੀ ਸੀ ਪਰ ਉਹ ਜੀਅ ਨਹੀਂ ਸਕੀ। ਸਾਲ 2015 ਤੋਂ ਹੀ ਮੈਂ ਜਾਣਦਾ ਸੀ ਕਿ ਉਹ ਬੀਮਾਰ ਚੱਲ ਰਹੀ ਹੈ। ਉਹ ਇਕ ਕਿਡਨੀ ’ਤੇ ਜਿਊਂਦੀ ਸੀ ਤੇ ਕੰਮ ਕਰ ਰਹੀ ਸੀ। ਉਸ ਨੂੰ ਇਸ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਪਿਛਲੇ ਚਾਰ ਮਹੀਨਿਆਂ ਤੋਂ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ। ਉਹ ਇਕ ਤਜਰਬੇਕਾਰ ਅਦਾਕਾਰਾ ਸੀ, ਉਹ ਮੈਨੂੰ ਹਮੇਸ਼ਾ ਯਾਦ ਆਵੇਗੀ।’