ਬਠਿੰਡਾ : ਬਠਿੰਡਾ ਦੀਆਂ ਸੜਕਾਂ ਅੱਜ ਕਿਸਾਨਾਂ ਦੇ ਜਬਰਦਸਤ ਰੋਹ ਨੇ ਨੀਵੀਆਂ ਕਰ ਦਿੱਤੀਆਂ ਜੋ ਅੱਜ ਪੰਜਾਬ ਸਰਕਾਰ ਖਿਲਾਫ ਇੱਥੇ ਧਰਨਾ ਦੇਣ ਆਏ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ, ਕਿਸਾਨ ਔਰਤਾਂ , ਬੱਚਿਆਂ ਅਤੇ ਮੁਟਿਆਰਾਂ ਕੁੜੀਆਂ ਨੇ ਅੱਜ ਠਾਠਾਂ ਮਾਰਦਾ ਇਕੱਠ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਮੋਦੀ ਹਕੂਮਤ ਨੂੰ ਆਪਣੀ ਤਾਕਤ ਦਾ ਸ਼ੀਸ਼ਾ ਦਿਖਾਇਆ। ਕਿਸਾਨਾਂ ਦੇ ਮੁੱਕੇ ਤਣੇ ਹੋਏ ਅਤੇ ਚਿਹਰੇ ਲਾਲ ਸਨ ਜਿਹਨਾਂ ਅੱਜ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਗਰਮੀ ਦਿਖਾਈ। ਟਰੈਕਟਰਾਂ , ਬੱਸਾਂ ਅਤੇ ਵੱਖ ਵੱਖ ਸਾਧਨਾਂ ਰਾਹੀਂ ਬਠਿੰਡਾ ਪੁੱਜੇ ਕਿਸਾਨਾਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਖੇਤੀ ਖੇਤਰ ਨਾਲ ਧੱਕਾ ਕੀਤਾ ਗਿਆ ਤਾਂ ਇਸ ਦੇ ਬੇਹੱਦ ਮਾੜੇ ਨਤੀਜੇ ਭੁਗਤਣੇ ਪੈਣਗੇ। ਮੋਰਚੇ 'ਚ ਸ਼ਾਮਲ ਹੋਣ ਵਾਲਿਆਂ ਨੇ ਜਿੱਥੇ ਮੋਦੀ ਅਤੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਆਰਿਆਂ ਰਾਹੀਂ ਲਪੇਟੇ 'ਚ ਲਿਆ। ਕਿਸਾਨਾਂ ਨੇ ਆਖਿਆ ਕਿ ਕਿਸਾਨੀ ਦੇ ਦੁੱਖਾਂ ਲਈ ਬਾਦਲ ਪ੍ਰੀਵਾਰ ਵੀ ਜਿੰਮੇਵਾਰ ਹੈ ਜੋ ਪਹਿਲਾਂ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਂਦਾ ਰਿਹਾ ਅਤੇ ਸਿਆਸੀ ਨਫੇ ਨੁਕਾਸਨ ਨੂੰ ਦੇਖਦਿਆਂ ਯੂਟਰਨ ਲੈ ਲਿਆ। ਅੱਜ ਦੇ ਮੋਰਚੇ 'ਚ ਇਕੱਲੇ ਛੋਟੇ ਬਾਦਲ ਖਿਲਾਫ ਕੁੱਝ ਵਿਸ਼ੇਸ਼ ਕਿਸਮ ਦੇ ਨਾਅਰਿਆਂ ਦੀ ਵੀ ਝੜੀ ਲੱਗੀ ਰਹੀ। ਮਹੱਤਵਪੂਰਨ ਤੱਥ ਹੈ ਕਿ ਖੇਤੀ ਧੰਦੇ ਅਤੇ ਮੌਸਮ 'ਚ ਆਇਆ ਬਦਲਾਅ ਵੀ ਕਿਸਾਨਾਂ ਨੂੰ ਰੋਕ ਨਹੀਂ ਸਕਿਆ ਹੈ।
ਆਮ ਦਿਨਾਂ ਨਾਲੋਂ ਕਿਸਾਨ ਧਰਨਿਆਂ 'ਚ ਸਧਾਰਨ ਕਿਸਾਨਾਂ ਅਤੇ ਮਜਦੂਰਾਂ ਦੀ ਗਿਣਤੀ 'ਚ ਚੋਖਾ ਵਾਧਾ ਹੋਇਆ ਹੈ। ਕਿਸਾਨ ਮੋਰਚੇ ਵਿੱਚ ਅੱਜ ਬੀਬੀਆਂ ਦੀ ਗਿਣਤੀ ਵੱਡੀ ਰਹੀ ਜੋ ਪੀਲੀਆਂ ਚੁੰਨੀਆਂ ਸਿਰਾਂ ਤੇ ਲੈਕੇ ਆਈਆਂ ਸਨ। ਵੱਡੀ ਗੱਲ ਹੈ ਕਿ ਕਿਸਾਨ ਜਾਗਰੂਕ ਹੋਏ ਹਨ। ਅੱਜ ਦੇ ਧਰਨੇ 'ਚ ਸ਼ਾਮਲ ਹੋਇਆ ਕਿਸਾਨ ਬਲਰਾਜ ਸਿੰਘ ਪਹਿਲਾਂ ਕਦੇ ਵੀ ਸੰਘਰਸ਼ 'ਚ ਨਹੀਂ ਗਿਆ ਸੀ। ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਉਹ ਅੰਦੋਲਨਾਂ ਦੀ ਪ੍ਰੀਭਾਸ਼ਾ ਜਾਨਣ ਲੱਗਿਆ ਹੈ। ਇਹ ਕਿਸਾਨ ਆਖਦਾ ਹੈ ਕਿ ਹਕੂਮਤਾਂ ਕਰੋਨਾ ਦੀ ਆੜ 'ਚ ਖੌਫ ਦਾ ਮਹੌਲ ਸਿਰਜ ਕੇ ਕਿਸਾਨਾਂ ਨੂੰ ਘਰੀਂ ਬਹਾਉਣਾ ਚਾਹੁੰਦੀਆਂ ਹਨ ਪਰ ਹੁਣ ਕਿਸਾਨ ਹਕੂਮਤੀ ਦਾਬੇ ਖਿਲਾਫ ਜਾਗ ਪਿਆ ਹੈ। ਇਸੇ ਤਰਾਂ ਹੀ ਆਪਣੇ ਸਾਥੀਆਂ ਨਾਲ ਆਇਆ ਕਿਸਾਨ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਮੋਦੀ ਹਕੂਮਤ ਅਜਿਹਾ ਮਹੌਲ ਸਿਰਜ ਰਹੀ ਹੈ ਕਿ ਲੋਕ ਮਾਨਸਿਕ ਪੱਧਰ ਤੇ ਭਾਰਤੀ ਜੰਤਾ ਪਾਰਟੀ ਦੀਆਂ ਨੀਤੀਆਂ ਖਿਲਾਫ ਸਿਰ ਉਠਾਉਣ ਦਾ ਹੀਆ ਨਾਂ ਕਰ ਸਕਣ। ਉਸ ਨੇ ਕਿਹਾ ਕਿ ਲੀਡਰ ਇਹ ਨਹੀਂ ਜਾਣਦੇ ਕਿ ਪੰਜਾਬੀਆਂ ਦਾ ਤਾਂ ਵਿਰਸ ਹੀ ਕੁਰਬਾਨੀਆਂ ਵਾਲਾ ਹੈ, ਫਿਰ ਉਹ ਚੁੱਪ ਕਿਵੇਂ ਬੈਠ ਸਕਦੇ ਹਨ। ਇਸ ਕਿਸਾਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੈਦਾ ਕੀਤਾ ਦਮਨ ਦਾ ਇਹ ਦੌਰ ਪੂਰੇ ਸਮਾਜ ਲਈ ਚੁਣੌਤੀ ਹੈ ਜਿਸ ਖਿਲਾਫ ਇਕੱਲੇ ਕਿਸਾਨਾਂ ਦਾ ਹੀ ਨਹੀਂ ਬਲਕਿ ਸਮਾਜ ਦੇ ਬਾਕੀ ਵਰਗਾਂ ਦਾ ਬੋਲਣਾ ਵੀ ਜਰੂਰੀ ਹੈ। ਦੋਵਾਂ ਕਿਸਾਨਾਂ ਨੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਆਪਣੀਆਂ ਪੈਲੀਆਂ, ਕਾਰੋਬਾਰ ਅਤੇ ਬਿਹਤ ਸਮਾਜ ਚਾਹੁੰਦੇ ਹਨ ਤਾਂ ਘਰਾਂ! ਵਿੱਚੋਂ ਬਾਹਰ ਨਿੱਕਲਣ ਅਤੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ ਵਾਪਿਸ ਲੈਣ ਦੀ ਮੰਗ ਕਰਨ। ਧਰਨਾਕਾਰੀ ਬਜੁਰਗ ਔਰਤ ਜਸਵੰਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਇੱਕੋ ਸਾਹੇ ਸਰਕਾਰਾਂ ਨੂੰ ਇਕੱਠ ਵੱਲ ਝਾਕਣ ਦੀ ਨਸੀਹਤ ਦਿੱਤੀ।
ਉਸ ਨੇ ਆਖਿਆ ਕਿ ਮੌਜੂਦਾ ਦੌਰ ਹਕੂਮਤਾਂ ਨਾਲ ਖਹਿ ਕੇ ਲੰਘਣ ਵਾਲਾ ਹੈ। ਉਸ ਨੇ ਕਿਹਾ ਕਿ ਅੱਜ ਸਾਡੇ ਗੁਰੂਆਂ ਅਤੇ ਸ਼ਹੀਦਾਂ ਯਾਦ ਕਰਨ ਦਾ ਮੁੜ ਵੇਲਾ ਆ ਗਿਆ ਹੈ ਕਿਉਂਕਿ ਹੁਣ ਵੋਲਾ ਦੇਸ਼ ਦੀ ਆਤਮਾ ਮੰਨੀ ਜਾਂਦੀ ਕਿਸਾਨੀ ਨੂੰ ਬਚਾਉਣ ਦਾ ਹੈ। ਉਸ ਨੇ ਆਖਿਆ ਕਿ ਸੰਤੋਸ਼ ਸਿਰਫ ਇਸ ਗੱਲ ਦਾ ਹੈ ਕਿ ਐਤਕੀਂ ਨਵੇਂ ਪੋਚ ਨੇ ਵੀ ਸੰਘਰਸ਼ਾਂ ਦੇ ਹਾਣੀ ਬਣਕੇ ਸਰਕਾਰਾਂ ਨਾਲ ਪੰਜਾ ਲੜਾਉਣ ਦਾ ਫੈਸਲਾ ਲਿਆ ਹੈ। ਇਸੇ ਤਰਾਂ ਹੋਰ ਵੀ ਕਈ ਕਿਸਾਨਾਂ ਨੇ ਆਖਿਆ ਕਿ ਉਹ ਅੰਤ ਤੱਕ ਲੜਾਈ ਲੜਨ ਲਈ ਤਿਆਰ ਹਨ ਚਾਹੇ ਜੋ ਮਰਜੀ ਕਰ ਲਵੇ। ਸਿਆਸੀ ਧਿਰਾਂ ਤੋਂ ਝਾਕ ਛੱਡਣ ਦੀ ਅਪੀਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਾਜਵਿੰਦਰ ਸਿੰਘ ਰਾਜੂ ਨੇ ਲੋਕਾਂ ਨੂੰ ਵੋਟ ਪ੍ਰਣਾਲੀ ਅਤੇ ਸਿਆਸੀ ਧਿਰਾਂ ਤੋਂ ਝਾਕ ਛੱਡ ਕੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਣ ਲਈ ਕਿਹਾ। ਉਹਨਾਂ ਆਖਿਆ ਕਿ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਮਜਦੂਰਾਂ ਨੇ ਜੋ ਵੀ ਪ੍ਰਾਪਤ ਕੀਤਾ ਹੈ ਉਹ ਸੰਘਰਸ਼ਾਂ ਦੀ ਬਦੌਲਤ ਹੀ ਕਰਿਆ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਅਸਲ 'ਚ ਕਿਸਾਨਾਂ ਦਾ ਦਮ ਅਤੇ ਪਰਖਣ ਦੇ ਮੂਡ 'ਚ ਹੈ ਅਤੇ ਉਹ ਵੀ ਹੁਣ ਆਪਣਾ ਦਮ ਤੇ ਤਾਕਤ ਦਿਖਾ ਕੇ ਹੀ ਹਟਣਗੇ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕਿਸਾਨ ਜੱਥੇਬੰਦੀ ਵੱਲੋਂ ਦਿੱਤੇ ਅੱਜ ਦੇ ਰੋਸ ਪ੍ਰੋਗਰਾਮ ਨੂੰ ਦੇਖਦਿਆਂ ਬਠਿੰਡਾ ਪੁਲਿਸ ਨੇ ਸੁਰੱÎਖਆ ਲਈ ਦੋ ਜਲ ਤੋਪਾਂ ਤਾਇਨਾਤ ਕੀਤੀਆਂ ਹੋਈਆਂ ਸਨ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੱਲ ਜਾਣ ਵਾਲਾ ਰਸਤਾ ਬੈਰੀਕੇਡਾਂ ਨਾਲ ਬੰਦ ਕਰਕੇ ਪੁਲਿਸ ਤਾਇਨਾਤ ਕੀਤੀ ਗਈ ਸੀ। ਸੀਆਈਡੀ ਦੇ ਮੁਲਾਜਮ ਕਿਸਾਨਾਂ ਦੀ ਹਰ ਨਕਲੋ ਹਰਕਤ ਤੇ ਨਜ਼ਰ ਰੱਖ ਰਹੇ ਸਨ। ਇਸ ਤੋਂ ਬਿਨਾਂ ਪੁਲਿਸ ਦੀਆਂ ਰਿਜ਼ਰਵ ਟੀਮਾਂ ਵੀ ਸਟੈਂਡ ਬਾਈ ਰੱਖੀਆਂ ਗਈਆਂ ਸਨ।