ਨਵੀਂ ਦਿੱਲੀ : ਏਅਰ ਇੰਡੀਆ 'ਚ ਤਕਨੀਕੀ ਖ਼ਾਮੀ ਕਰ ਕੇ ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤਕ ਚੈੱਕ-ਇਨ-ਸਾਫ਼ਟਵੇਅਰ ਠੱਪ ਰਹਿਣ ਕਰ ਕੇ ਸਨਿਚਰਵਾਰ ਨੂੰ 155 ਉਡਾਨਾਂ 'ਚ ਦੇਰੀ ਹੋ ਗਈ। ਇਸ ਖ਼ਰਾਬੀ ਕਰ ਕੇ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਦੁਨੀਆਂ ਭਰ 'ਚ ਕਈ ਹਵਾਈ ਅੱਡਿਆਂ 'ਤੇ ਫੱਸ ਗਏ।
ਰਾਸ਼ਟਰੀ ਹਵਾਬਾਜ਼ੀ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀ.ਐਮ.ਡੀ.) ਅਸ਼ਵਨੀ ਲੋਹਾਨੀ ਨੇ ਕਿਹਾ ਕਿ ਚੈੱਕ-ਇਨ, ਸਾਮਾਨ ਅਤੇ ਰਾਖਵਾਂਕਰਨ ਦੀ ਨਿਗਰਾਨੀ ਕਰਨ ਵਾਲੇ ਉਸ ਦੇ ਯਾਤਰੀ ਸੇਵਾ ਪ੍ਰਣਾਲੀ (ਪੀ.ਐਸ.ਐਸ.) ਸਾਫ਼ਟਵੇਅਰ ਨੇ ਸਨਿਚਰਵਾਰ ਨੂੰ ਤੜਕੇ ਸਾਢੇ ਤਿੰਨ ਵਜੇ ਤੋਂ ਸਵੇਰ 8:45 ਵਜੇ ਤਕ ਕੰਮ ਕਰਨਾ ਬੰਦ ਕਰ ਦਿਤਾ ਸੀ।
ਇਸ ਦੌਰਾਨ ਏਅਰਲਾਈਨ ਦੇ ਮੁਲਾਜ਼ਮ ਉਨ੍ਹਾਂ ਨੂੰ ਬੋਰਡਿੰਗ ਪਾਸ ਜਾਰੀ ਨਹੀਂ ਕਰ ਸਕੇ ਜਿਸ ਕਰ ਕੇ ਦੁਨੀਆਂ ਭਰ 'ਚ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ 'ਤੇ ਫੱਸ ਗਏ। ਏਅਰਲਾਈਨ ਦੇ ਸੂਤਰਾਂ ਅਨੁਸਾਰ, ਸਾਫ਼ਟਵੇਅਰ (ਜੋ ਅਟਲਾਂਟਾ ਸਥਿਤ ਕੰਪਨੀ ਐਸ.ਆਈ.ਟੀ.ਏ. ਦਾ ਹੈ) ਸਨਿਚਰਵਾਰ ਤੜਕੇ ਲਗਭਗ ਤਿੰਨ ਵਜੇ ਤੋਂ ਸਵੇਰੇ 9 ਵਜੇ ਤਕ ਠੱਪ ਰਿਹਾ ਇਸ ਦੇ ਨਤੀਜੇ ਵਜੋਂ ਦੁਨੀਆਂ ਭਰ 'ਚ ਪ੍ਰਮੁੱਖ ਹਵਾਈ ਅੱਡਿਆਂ 'ਤੇ ਬੋਰਡਿੰਗ ਪਾਸ ਜਾਰੀ ਨਹੀਂ ਕੀਤੇ ਜਾ ਸਕੇ ਅਤੇ ਵੱਖੋ-ਵੱਖ ਜਹਾਜ਼ਾਂ ਦੀਆਂ ਉਡਾਨਾਂ 'ਚ ਦੇਰੀ ਹੋਈ।
ਏਅਰ ਇੰਡੀਆ ਸਮੂਹ ਦੀਆਂ ਹਰ ਦਿਨ ਔਸਤਨ 674 ਉਡਾਨਾਂ ਹੁੰਦੀਆਂ ਹਨ। ਲੋਹਾਨੀ ਨੇ ਸਪੱਸ਼ਟ ਕੀਤਾ ਕਿ ਸਾਫ਼ਟਵੇਅਰ ਬੰਦ ਹੋਣ ਕਰ ਕੇ ਜ਼ਿਆਦਾਤਰ ਘਰੇਲੂ ਉਡਾਨਾਂ 'ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਜੋ ਯਾਤਰੀ ਉਡਾਨ ਨਹੀਂ ਭਰ ਸਕਣਗੇ ਉਨ੍ਹਾਂ ਨੂੰ ਹੋਟਲ 'ਚ ਠਹਿਰਾਇਆ ਜਾਵੇਗਾ ਜਾਂ ਉਨ੍ਹਾਂ ਨੂੰ ਏਅਰ ਇੰਡੀਆ ਜਾਂ ਹੋਰ ਕਿਸੇ ਏਅਰਲਾਈਨ ਤੋਂ ਵਖਰੇ ਜਹਾਜ਼ ਨਾਲ ਯਾਤਰਾ ਕਰਵਾਈ ਜਾਵੇਗੀ।
ਲੋਹਾਨੀ ਨੇ ਕਿਹਾ ਕਿ ਐਸ.ਆਈ.ਟੀ.ਏ. ਅਜੇ ਇਹ ਵੇਖ ਰਹੀ ਹੈ ਕਿ ਸਾਫ਼ਟਵੇਅਰ ਠੱਪ ਹੋਣ ਦਾ ਕੀ ਕਾਰਨ ਰਿਹਾ। ਉਨ੍ਹਾਂ ਕਿਹਾ, ''ਉਹ ਜਾਂਚ ਕਰ ਰਹੇ ਹਨ ਕਿ ਇਹ ਵਾਇਰਸ ਕਰ ਕੇ ਹੋਇਆ ਜਾਂ ਫਿਰ ਕਿਸੇ ਹੋਰ ਕਾਰਨ ਕਰ ਕੇ।'' ਐਸ.ਆਈ.ਟੀ.ਏ. ਨੇ ਇਸ ਸਮੱਸਿਆ ਲਈ ਮਾਫ਼ੀ ਮੰਗੀ ਹੈ ਅਤੇ ਕਿਹਾ ਕਿ ਉਸ ਨੂੰ ਤੜਕੇ ਸਰਵਰ ਦੀ ਮੁਰੰਮਤ ਦੌਰਾਨ ਕੁੱਝ ਗੁੰਝਲਦਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰ ਕੇ ਜਹਾਜ਼ਾਂ ਦਾ ਸੰਚਾਲਨ ਰੁਕਿਆ।
ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਅਪਣਾ ਗੁੱਸਾ ਕਢਿਆ। ਏਅਰ ਇੰਡੀਆ ਵਲੋਂ ਬੋਰਡਿੰਗ ਪਾਸ ਜਾਰੀ ਨਾ ਕੀਤੇ ਜਾਣ ਕਰ ਕੇ ਭੜਕੇ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਅਪਣਾ ਗੁੱਸਾ ਉਤਾਰਿਆ। ਇਕ ਯਾਤਰੀ ਡਾ. ਸੋਨਲ ਸਕਸੈਨਾ ਨੇ ਟਵੀਟ ਕਰ ਕੇ ਕਿਹਾ, ''ਬਿਲਕੁਲ ਅਰਾਜਕਤਾ ਹੈ। ਤੜਕੇ ਤਿੰਨ ਵਜੇ ਤੋਂ ਦਿੱਲੀ 'ਚ ਏਅਰ ਇੰਡੀਆ ਦਾ ਸਿਸਟਮ ਕੰਮ ਨਹੀਂ ਕਰ ਰਿਹਾ। ਸਾਰੇ ਜਹਾਜ਼ ਖੜੇ ਹਨ ਅਤੇ ਉਨ੍ਹਾਂ ਦੀ ਉਡਾਨ 'ਚ ਦੇਰੀ ਹੈ। ਕੋਈ ਆਗਮਨ ਜਾਂ ਬੋਰਡਿੰਗ ਨਹੀਂ।''
ਇਸ ਤੋਂ ਪਹਿਲਾਂ ਪਿਛਲੇ ਸਾਲ 23 ਜੂਨ ਨੂੰ ਅਜਿਹੀ ਘਟਨਾ ਵਾਪਰੀ ਸੀ ਜਦੋਂ ਏਅਰਲਾਈਨ ਦੇ ਚੈੱਕ-ਇਨ ਸਾਫ਼ਟਵੇਅਰ 'ਚ ਤਕਨੀਕੀ ਖ਼ਾਮੀ ਕਰ ਕੇ ਦੇਸ਼ ਭਰ 'ਚ ਉਸ ਦੇ 25 ਜਹਾਜ਼ਾਂ ਨੇ ਮਿੱਥੇ ਸਮੇਂ ਤੋਂ ਦੇਰੀ ਨਾਲ ਉਡਾਨ ਭਰੀ ਸੀ।