ਨਵੀਂ ਦਿੱਲੀ - ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਰਿਕਾਰਡ ਪੱਧਰ ਨੂੰ ਛੂਹ ਲਿਆ ਹੈ। ਇਸ ਦੇ ਨਾਲ ਹੀ ਦੀਵਾਲੀ ਤੋਂ ਪਹਿਲਾਂ ਹੀ ਨਿਵੇਸ਼ਕਾਂ ਦੀ ਦੀਵਾਲੀ ਮਨ ਗਈ। ਸਵੇਰੇ 9.15 ਵਜੇ ਸੈਂਸੈਕਸ 0.91 ਫ਼ੀਸਦੀ ਦੀ ਤੇਜ਼ੀ ਯਾਨੀ 380.91 ਅੰਕ ਵੱਧ ਕੇ 42, 273.97 'ਤੇ ਖੁੱਲ੍ਹਿਆ, ਜਦੋਂਕਿ ਨਿਫਟੀ 50 ਇਡੈਕਸ 135.85 ਅੰਕ (1.11 ਫ਼ੀਸਦੀ) ਦੀ ਤੇਜ਼ੀ ਨਾਲ 12, 399.40 'ਤੇ ਖੁੱਲ੍ਹਿਆ। ਸਭ ਤੋਂ ਜ਼ਿਆਦਾ ਫ਼ਾਇਦਾ ਬੈਂਕਿੰਗ ਸੈਕਟਰ ਨੂੰ ਹੋਇਆ। ਇਸ ਤੋਂ ਇਲਾਵਾ ਆਈਟੀ ਤੇ ਰਿਲਾਇੰਸ ਇੰਡਸਟਰੀਜ਼ ਦਾ ਵੀ ਵੱਡਾ ਯੋਗਦਾਨ ਰਿਹਾ। ਇਸ ਤੋਂ ਬਾਅਦ 10 ਵਜੇ ਸੈਂਸੈਕਸ 42, 463.81 ਦੇ ਪੱਧਰ 'ਤੇ ਰਿਹਾ, ਉੱਥੇ ਹੀ ਨਿਫਟੀ 'ਚ 12423.25 ਪੱਧਰ (+159.70 ਜਾਂ +1.30 ਫੀਸਦੀ) 'ਤੇ ਕਾਰੋਬਾਰ ਜਾਰੀ ਰਿਹਾ। ਮਾਹਿਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਤੋਂ ਬਾਅਦ ਮਜ਼ਬੂਤ ਆਲਮੀ ਸੰਕੇਤਾਂ ਦੇ ਦਮ 'ਤੇ ਭਾਰਤੀ ਇਕਵਿਟੀ ਬੈਂਚਮਾਰਕ ਸੋਮਵਾਰ ਨੂੰ ਰਿਕਾਰਡ ਉਚਾਈ 'ਤੇ ਖੁੱਲ੍ਹੇ ਤੇ ਘਰੇਲੂ ਬਾਜ਼ਾਰ 'ਚ ਵਿਦੇਸ਼ੀ ਪੂੰਜੀ ਦੀ ਆਮਦ ਬਰਕਰਾਰ ਰਹੀ।