ਚੰਡੀਗੜ੍ਹ : ਵਾਹਨਾਂ ਦੀ ਵਿਕਰੀ ਆਦਿ ਮੌਕੇ ਪੰਜਾਬ ਵਿਚ ਰਜਿਸਟਰਡ ਕਿਸੇ ਵੀ ਨਿੱਜੀ ਵਾਹਨ ਦੀ ਸੂਬੇ ਵਿਚਲੀ ਹੀ ਕਿਸੇ ਹੋਰ ਰਜਿਸਟਰਿੰਗ ਅਥਾਰਟੀ ਕੋਲ ਟਰਾਂਸਫ਼ਰ ਮੌਕੇ ਹੁਣ ਦਰਖ਼ਾਸਤਕਰਤਾ ਨੂੰ ਅਸਲ ਰਜਿਸਟਰਿੰਗ ਅਥਾਰਟੀ ਕੋਲ ਐਨਓਸੀ ਲੈਣ ਲਈ ਜਾਣ ਦੀ ਜ਼ਰੂਰਤ ਨਹੀਂ ਹੈ। ਅਜਿਹੇ ਮਾਮਲਿਆਂ ਵਿਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਐਨ.ਓ.ਸੀ. ਦੀ ਲੋੜ ਨੂੰ ਖ਼ਤਮ ਕਰ ਦਿਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਕਿ ਹੁਣ ਸਾਰੀ ਪ੍ਰਕਿਰਿਆ ਇਕ ਆਨਲਾਈਨ ਪ੍ਰਣਾਲੀ ਵਾਹਨ 4.0 ਰਾਹੀਂ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ, ਫ਼ੀਸ ਅਤੇ ਫਿੱਟਨੈਸ ਆਦਿ ਰਜਿਸਟਰਿੰਗ ਅਥਾਰਟੀ ਕੋਲ ਉਪਲੱਬਧ ਹੁੰਦੀ ਹੈ। ਇਸ ਲਈ ਹੁਣ ਪੰਜਾਬ ਵਿਚ ਰਜਿਸਟਰਡ ਗ਼ੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਵਾਹਨ ਮਾਲਕਾਂ ਨੂੰ ਐਨ.ਓ.ਸੀ. ਲੈਣ ਲਈ ਸਬੰਧਤ ਦਫ਼ਤਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਕਾਂਗਰਸੀ ਖ਼ਾਨਾ-ਜੰਗੀ ਦਾ ਖ਼ਮਿਆਜ਼ਾ ਭੁਗਤ ਰਿਹਾ ਹੈ ਪੰਜਾਬ : ਭਗਵੰਤ ਮਾਨ
ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਣਾਲੀ ਤਹਿਤ ਵਾਹਨ ਦੀ ਵਿਕਰੀ ਦੇ ਮਾਮਲੇ ਵਿਚ ਗ਼ੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੀ ਮਾਲਕੀ ਦਾ ਤਬਾਦਲਾ ਨਵੀਂ ਰਜਿਸਟਰਿੰਗ ਅਥਾਰਟੀ ਵਿਚ ਤਬਦੀਲ ਕੀਤੇ ਜਾਣ ਲਈ ਬਿਨੈਕਾਰ ਨੂੰ ਵਾਹਨ ਦੀ ਐਨ.ਓ.ਸੀ. ਪ੍ਰਾਪਤ ਕਰਨ ਲਈ ਅਸਲ ਰਜਿਸਟਰਿੰਗ ਅਥਾਰਟੀ ਕੋਲ ਜਾਣਾ ਪੈਂਦਾ ਹੈ। ਹੁਣ ਬਿਨੈਕਾਰ ਅਸਲ ਆਰਟੀਏ/ਐਸਡੀਐਮ ਦਫ਼ਤਰਾਂ, ਜਿਥੇ ਵਾਹਨ ਰਜਿਸਟਰਡ ਹੈ, ਵਿਖੇ ਆਨਲਾਈਨ ਅਰਜ਼ੀ ਦੇ ਕੇ ਅਪਣੇ ਵਾਹਨਾਂ ਦਾ ਤਬਾਦਲਾ ਕਰਾ ਸਕਣਗੇ। ਇਸ ਨਾਲ ਤਬਾਦਲੇ ਲਈ ਵੱਖ-ਵੱਖ ਰਜਿਸਟਰਿੰਗ ਅਥਾਰਟੀਆਂ ਕੋਲ ਜਾਣ ਦੀ ਲੰਮੀ ਪ੍ਰਕਿਰਿਆ ਅਤੇ ਸਮੇਂ ਦੀ ਬਚਤ ਹੋਵੇਗੀ।