ਰੂਪਨਗਰ: ਸਿੱਖ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਗੁੰਮ ਹੋਣ ਦੇ ਮਾਮਲੇ ਵਿੱਚ ਅੱਜ ਰੋਪੜ-ਚੰਡੀਗੜ੍ਹ ਮਾਰਗ 'ਤੇ ਪਿੰਡ ਸਿੰਘ ਅਤੇ ਬੇਲਾ ਚੌਕ ਰੋਪੜ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਪੁਤਲੇ ਫੂਕੇ ਗਏ। ਪਿੰਡ ਸਿੰਘ ਦੇ ਕੋਲ ਸਿੱਖ ਨੌਜਵਾਨਾਂ ਨੇ ਰੋਪੜ -ਚੰਡੀਗੜ੍ਹ ਮਾਰਗ 'ਤੇ ਪਿੰਡ ਸਿੰਘ ਦੇ ਕੋਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਸਾੜਿਆ।
ਪਿੰਡ ਸਿੰਘ ਵਿਖੇ ਨੌਜਵਾਨ ਰੇਸ਼ਮ ਸਿੰਘ ਬਡਾਲੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਸੁਖਵੀਰ ਸਿੰਘ, ਰਣਧੀਰ ਸਿੰਘ, ਜਰਨੈਲ ਸਿੰਘ ਗੋਗੀ, ਪਰਮਜੀਤ ਸਿੰਘ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਗੁੰਮ ਜਾਣ ਦੀ ਸੂਰਤ ਵਿਚ ਸਿੱਖ ਸੰਗਤ ਜੋ ਅਕਾਲ ਤਖਤ ਸਾਹਿਬ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਲੋਕਾਂ ਨੂੰ ਕੁੱਟਿਆ ਗਿਆ ਸੀ ਅਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਸਿੱਖਾਂ 'ਤੇ ਭੀੜ ਪੈਂਦੀ ਹੈ, ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅੱਗੇ ਨਹੀਂ ਆਉਂਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸਿੱਖ ਸੰਗਤ 'ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਨਾਂ ਤਾਣ ਦਿੰਦੀ ਹੈ।ਪ੍ਰਦਰਸ਼ਨਕਾਰੀਆਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਦਲ ਬਾਦਲ ਦੇ ਇਸ਼ਾਰੇ 'ਤੇ ਕਾਰਵਾਈ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਬੇਲਾ ਚੌਕ ਰੋਪੜ ਵਿਖੇ ਸਿੱਖ ਸੰਗਤਾਂ ਵਿਚ ਰਣਜੀਤ ਸਿੰਘ ਪਤਿਆਲਾ, ਨਿਰਮਲ ਸਿੰਘ ਲੋਦੀਮਾਜਰਾ, ਤਰਲੋਚਨ ਸਿੰਘ ਹੁਸੈਨਪੁਰ, ਕੁਲਵੰਤ ਸਿੰਘ ਸੈਣੀ ਤੇ ਹੋਰ ਸਿੱਖ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਪੁਤਲਾ ਫੂਕਿਆ ਅਤੇ ਸ਼੍ਰੋਮਣੀ ਕਮੇਟੀ ਦੀ ਘਟੀਆ ਕਾਰਗੁਜਾਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਣਜੀਤ ਸਿੰਘ ਪਤਿਆਲਾ ਅਤੇ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਚਲਾ ਰਿਹਾ ਹੈ ਅਤੇ ਬਾਦਲ ਪਰਿਵਾਰ ਜੋ ਹੁਕਮ ਕਰਦਾ ਹੈ, ਸ਼੍ਰੋਮਣੀ ਕਮੇਟੀ ਉਹੀ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿੱਖ ਪੰਥ ਲਈ ਕੰਮ ਕਰਨਾ ਹੈ ਪਰ ਇਹ ਕਮੇਟੀ ਬਾਦਲਾਂ ਦਾ ਹੀ ਭਲਾ ਸੋਚ ਰਹੀ ਹੈ ਅਤੇ ਗੁਰੂਆਂ ਵਲੋ ਦਿੱਤੇ ਸੰਦੇਸ਼ ਸਰਬੱਤ ਦਾ ਭਲਾ ਤੋਂ ਦੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਿਰਫ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਹੀ ਕੰਮ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸ਼੍ਰੀ ਅੰਮਿਤ੍ਰਸਰ ਵਿਖੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋ ਬੁਰੀ ਤਰ੍ਹਾਂ ਕੁੱਟਿਆ ਗਿਆ, ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਕਈ ਸਿੱਖ ਸੰਗਤਾਂ ਦੇ ਕਕਾਰਾਂ ਦੀ ਵੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੇ ਗੁੰਮ ਹੋਣ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਸਿੱਖ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।