ਸ਼ਾਹਜਹਾਂਪੁਰ, (ਏਜੰਸੀ) : ਬਸਪਾ ਮੁਖੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੋਦੀ ਨੇ ਗ਼ਰੀਬਾਂ ਦੀ ਨਹੀਂ ਸਗੋਂ ਪੂੰਜੀਪਤੀਆਂ ਦੀ ਚੌਕੀਦਾਰੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿਚ 'ਨਮੋ ਨਮੋ' ਜਪਣ ਵਾਲਿਆਂ ਦਾ ਸਫ਼ਾਇਆ ਹੋ ਜਾਵੇਗਾ।
ਯੂਪੀ ਦੇ ਸ਼ਾਹਜਹਾਂਪੁਰ ਵਿਖੇ ਚੋਣ ਰੈਲੀ ਵਿਚ ਉਨ੍ਹਾਂ ਕਿਹਾ, 'ਨਾਟਕਬਾਜ਼ੀ ਅਤੇ ਜੁਮਲੇਬਾਜ਼ੀ ਨਾਲ ਸਰਕਾਰ ਨਹੀਂ ਬਣਦੀ। ਮੋਦੀ ਨੇ ਤਾਂ ਪੂੰਜੀਪਤੀਆਂ ਦੀ ਚੌਕੀਦਾਰੀ ਕੀਤੀ ਹੈ ਨਾਕਿ ਗ਼ਰੀਬਾਂ ਦੀ।' ਉਨ੍ਹਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੰਮੇ ਸਮੇਂ ਤਕ ਕਾਂਗਰਸ ਪਾਰਟੀ ਸੱਤਾ ਵਿਚ ਰਹੀ ਅਤੇ ਉਸ ਨੇ ਦੇਸ਼ ਵਿਚ ਗ਼ਰੀਬੀ ਤੇ ਬੇਰੁਜ਼ਗਾਰੀ ਵਧਾਉਣ ਦਾ ਕੰਮ ਕੀਤਾ। ਗ਼ਲਤ ਨੀਤੀਆਂ ਕਾਰਨ ਹੀ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਹੱਥ ਧੋਣੇ ਪਏ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੇ ਗ਼ਰੀਬਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿਤਾ ਜਿਸ ਕਾਰਨ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਨਾ ਪਿਆ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨੋਟਬੰਦੀ ਅਤੇ ਜੀਐਸਟੀ ਨਾਲ ਦੇਸ਼ ਬਰਬਾਦ ਹੋਇਆ ਹੈ ਜਿਸ ਕਾਰਨ ਭਾਰਤ ਦੀ ਅਰਥਵਿਵਸਥਾ ਨੂੰ ਵੀ ਕਾਫ਼ੀ ਫ਼ਰਕ ਪਿਆ ਹੈ ਪਰ ਹੁਣ ਜਨਤਾ ਭਾਜਪਾ ਤੇ ਕਾਂਗਰਸ ਦੀ ਜੁਮਲੇਬਾਜ਼ੀ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਹੁਣ ਤਕ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦਾ ਕੰਮ ਨਹੀਂ ਕੀਤਾ ਜਿਸ ਕਾਰਨ ਅੱਜ ਦੇਸ਼ ਵਿਚ ਹਮਲੇ ਹੋ ਰਹੇ ਹਨ।