ਬਾਂਦਰਾ (ਯੂਪੀ), (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤ ਬਾਰੇ ਵਿਰੋਧੀ ਪਾਰਟੀਆਂ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਸਮਾਜਵਾਦੀ, ਬਸਪਾ ਅਤੇ ਕਾਂਗਰਸ ਸਿਰਫ਼ ਜਾਤ-ਪਾਤ ਅਤੇ ਪੰਥ-ਸੰਪਰਦਾ ਤਕ ਹੀ ਸੋਚ ਸਕਦੇ ਹਨ। ਉਹ 'ਇਕ ਭਾਰਤ ਸ਼੍ਰੇਸਠ ਭਾਰਤ' ਦੀ ਗੱਲ ਨਹੀਂ ਕਰਨਾ ਚਾਹੁੰਦੇ।
ਮੋਦੀ ਨੇ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, 'ਸਮਾਜਵਾਦੀ ਅਤੇ ਬਸਪਾ ਵਾਲੇ ਮੇਰੀ ਜਾਤ ਦਾ ਸਰਟੀਫ਼ੀਕੇਟ ਵੰਡਣ ਵਿਚ ਲੱਗੇ ਹੋਏ ਹਨ ਅਤੇ ਕਾਂਗਰਸ ਦੇ ਨਾਮਦਾਰ ਮੋਦੀ ਦੇ ਬਹਾਨੇ ਪੂਰੇ ਪਿਛੜੇ ਸਮਾਜ ਨੂੰ ਹੀ ਗਾਲਾਂ ਕੱਢਣ ਵਿਚ ਲੱਗੇ ਹੋਏ ਹਨ। ਇਨ੍ਹਾਂ ਦੀ ਰਾਜਨੀਤੀ ਦਾ ਇਹੋ ਸਾਰ ਹੈ ਕਿ ਜਾਤ-ਪਾਤ, ਪੰਥ ਸੰਪਰਦਾ ਤੋਂ ਅੱਗੇ ਸੋਚ ਹੀ ਨਹੀਂ ਸਕਦੇ।' ਮੋਦੀ ਨੇ ਕਿਹਾ ਕਿ ਜ਼ਮੀਨ ਤੋਂ ਪੂਰੀ ਤਰ੍ਹਾਂ ਕੱਟ ਚੁੱਕੇ ਲੋਕ ਇਸ ਵਾਰ ਅਪਣੀ ਹੀ ਖੇਡ ਵਿਚ ਫਸ ਗਏ ਹਨ। ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ 21ਵੀਂ ਸਦੀ ਦਾ ਵੋਟਰ ਸੁਪਨਿਆਂ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 300 ਸੀਟਾਂ 'ਤੇ ਵੋਟਾਂ ਪੈਣ ਮਗਰੋਂ ਜਿਹੜੀਆਂ ਖ਼ਬਰਾਂ ਆ ਰਹੀਆਂ ਹਨ, ਉਸ ਨਾਲ ਕੁੱਝ ਲੋਕਾਂ ਦੇ ਚਿਹਰੇ ਲਟਕ ਗਏ ਹਨ।
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਦਰਭੰਗਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਸੱਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੁੰਦਿਆਂ ਰਾਖਵਾਂਕਰਨ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, 'ਐਨਡੀਏ ਦੀ ਸਰਕਾਰ ਨੇ ਅੰਬੇਦਕਰ ਦੇ ਰਾਹ ਨੂੰ ਹੋਰ ਮਜ਼ਬੂਤ ਕੀਤਾ ਹੈ ਪਰ ਵੋਟਾਂ ਲਈ ਮਹਾਮਿਲਾਵਟੀ ਅਫ਼ਵਾਹਾਂ ਫੈਲਾਉਣ ਵਿਚ ਲੱਗੇ ਹੋਏ ਹਨ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਦ ਤਕ ਮੋਦੀ ਹੈ, ਤਦ ਤਕ ਕਿਸੇ ਦੇ ਵੀ ਹੱਕ ਵਿਚ ਕੋਈ ਛੇੜਛਾੜ ਨਹੀਂ ਹੋਵੇਗੀ।