ਢਾਬਾ ਆਪਰੇਟਰਾਂ/ਫ਼ੂਡ ਹੈਂਡਲਰਾਂ ਲਈ ਹੈਲਥ ਫ਼ਿਟਨੈਸ ਸਰਟੀਫ਼ੀਕੇਟ ਜ਼ਰੂਰੀ
ਚੰਡੀਗੜ੍ਹ : ਸੂਬੇ ਦੇ ਲੋਕਾਂ ਨੂੰ ਮਿਆਰੀ, ਸੁਰੱਖਿਅਤ ਤੇ ਪੌਸ਼ਟਿਕ ਭੋਜਨ ਪਦਾਰਥ ਮੁਹਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਫ਼ੂਡ ਬਿਜ਼ਨਸ ਅਪਰੇਟਰਾਂ ਨੂੰ ਦਸੰਬਰ 2020 ਤਕ ਫ਼ੂਡ ਸੇਫ਼ਟੀ ਵਿਭਾਗ ਕੋਲ ਖ਼ੁਦ ਨੂੰ ਰਜਿਸਟਰ ਕਰਵਾਉਣ ਦੀ ਹਦਾਇਤ ਕੀਤੀ ਹੈ।
ਇਥੇ ਸੈਕਟਰ-34 ਵਿਖੇ ਡਾਇਰੈਕਟੋਰੇਟ ਸਿਹਤ ਸੇਵਾਵਾਂ ਦੇ ਕਮੇਟੀ ਰੂਮ ਵਿਚ ਫ਼ੂਡ ਸੇਫ਼ਟੀ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਕਿਹਾ ਕਿ ਸਾਰੇ ਢਾਬਾ ਆਪਰੇਟਰਾਂ/ ਫ਼ੂਡ ਹੈਂਡਲਰਾਂ ਲਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਪਾਸੋਂ ਹੈਲਥ ਫ਼ਿਟਨਸ ਸਰਟੀਫ਼ੀਕੇਟ ਲੈਣਾ ਵੀ ਲਾਜ਼ਮੀ ਕੀਤਾ ਗਿਆ ਹੈ।
ਤਿਉਹਾਰਾਂ ਦੇ ਸੀਜ਼ਨ ਦੇ ਮਦੇਨਜ਼ਰ ਅਚਨਚੇਤ ਚੈਕਿੰਗ ਕਰਨ ਅਤੇ ਜ਼ਿਲ੍ਹਾ ਟੀਮਾਂ ਦੇ ਕੰਮ ਦੀ ਨਿਗਰਾਨੀ ਲਈ ਸਟੇਟ ਟਾਸਕ ਫ਼ੋਰਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਸਹਾਇਕ ਫ਼ੂਡ ਕਮਿਸ਼ਨਰਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਨਿਰੀਖਣ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿਤੇ ਹਨ।
ਲੈਬ ਦੁਆਰਾ ਘਟੀਆ ਦਰਜੇ ਦੇ ਘੋਸ਼ਿਤ ਕੀਤੇ ਗਏ ਨਮੂਨਿਆਂ ਬਾਰੇ ਏ.ਡੀ.ਸੀਜ਼ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਤਾਂ ਜੋ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਲ ਫ਼ੂਡ ਆਪਰੇਟਰ ਨੂੰ ਢੁੱਕਵਾਂ ਜੁਰਮਾਨਾ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਹ ਜ਼ੁਰਮਾਨਾ 10 ਲੱਖ ਰੁਪਏ ਤਕ ਦਾ ਹੋ ਸਕਦਾ ਹੈ।