ਕੈਲੀਫੋਰਨੀਆ : ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾ ਵਾਇਰਸ, ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ (Gulf of Mexico) ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ (Louisiana), ਮਿਸੀਸਿਪੀ (Mississippi) ਦੇ ਕੁਝ ਹਿੱਸੇ ਤੂਫ਼ਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ। ਮਾਹਰਾਂ ਅਨੁਸਾਰ ਇਹ ਤੂਫਾਨ ਇੱਕ ਜਾਨਲੇਵਾ ਤੂਫ਼ਾਨ ਹੈ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹਾਂ ਤੇ ਹੋਰ ਖ਼ਤਰਿਆਂ ਖ਼ਿਲਾਫ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਸੰਬੰਧ ਵਿੱਚ ਲੂਸੀਆਨਾ ਦੇ ਗਵਰਨਰ ਜੌਨ ਬੇਲ ਐਡਵਰਡਜ਼ ਨੇ ਰਾਸ਼ਟਰਪਤੀ ਟਰੰਪ ਨੂੰ ਸੰਘੀ ਐਮਰਜੈਂਸੀ ਐਲਾਨ ਕਰਨ ਲਈ ਕਿਹਾ ਹੈ। ਅਮਰੀਕੀ ਤੂਫ਼ਾਨ ਕੇਂਦਰ ਨੇ ਦੱਸਿਆ ਕਿ ਜ਼ੀਟਾ ਉੱਤਰੀ ਖਾੜੀ ਤੱਟ 'ਤੇ ਬੁੱਧਵਾਰ ਦੁਪਹਿਰ ਜਾਂ ਬੁੱਧਵਾਰ ਦੀ ਰਾਤ ਦੱਖਣ-ਪੂਰਬ ਪਾਰ ਕਰਨ ਤੋਂ ਪਹਿਲਾਂ ਵੀਰਵਾਰ ਤੜਕੇ ਲੈਂਡਫਾਲ ਕਰੇਗਾ। ਇਸ ਦੇ ਨਾਲ ਹੀ ਐਡਵਰਡਜ਼ ਨੇ ਸੋਮਵਾਰ ਨੂੰ ਐਮਰਜੈਂਸੀ ਦਾ ਐਲਾਨ ਵੀ ਕੀਤੀ ਹੈ। ਲੂਸੀਆਨਾ ਤੋਂ ਬਾਅਦ ਅਲਾਬਮਾ ਦੇ ਰਾਜਪਾਲ ਨੇ ਵੀ ਮੰਗਲਵਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ, ਕਿਉਂਕਿ ਇਸ ਤੂਫ਼ਾਨ ਦਾ ਵੀਰਵਾਰ ਨੂੰ ਆਉਣ ਦਾ ਅਨੁਮਾਨ ਹੈ। ਅਲਾਬਮਾ ਨੈਸ਼ਨਲ ਗਾਰਡਜ਼ ਨੂੰ ਵੀ ਤੂਫ਼ਾਨ ਦੀ ਪ੍ਰਤੀਕ੍ਰਿਆ ਲਈ ਤਿਆਰ ਕੀਤਾ ਹੈ, ਅਤੇ ਏਜੰਸੀਆਂ ਐਮਰਜੈਂਸੀ ਉਪਕਰਣਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਲਿਜਾਣ ਦੀ ਤਿਆਰੀ ਕਰ ਰਹੀਆਂ ਹਨ ਜਿੱਥੇ ਉਨ੍ਹਾਂ ਦੀ ਜ਼ਰੂਰਤ ਪੈ ਸਕਦੀ ਹੈ।