ਚੰਡੀਗੜ੍ਹ : ਫ਼ੂਡ ਪ੍ਰਾਸੈਸਿੰਗ ਉਦਯੋਗ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਫ਼ੂਡ ਪ੍ਰਾਸੈਸਿੰਗ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਫ਼ੂਡ ਪ੍ਰਾਸੈਸਿੰਗ ਵਿਕਾਸ ਕਮੇਟੀ ਦੇ ਮੈਂਬਰਾਂ ਨਾਲ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਫ਼ਸਲੀ ਵਿਭਿੰਨਤਾ ਵਲ ਨੂੰ ਉਦੋਂ ਹੋਰ ਜ਼ਿਆਦਾ ਉਤਸ਼ਾਹਿਤ ਹੋਵੇਗਾ ਜਦੋਂ ਉਸਨੂੰ ਇਹ ਭਰੋਸਾ ਹੋਵੇਗਾ ਕਿ ਉਸ ਵਲੋਂ ਉਗਾਈ ਗਈ ਫ਼ਸਲ ਨੂੰ ਵਾਜਬ ਮੁੱਲ 'ਤੇ ਖ਼ਰੀਦ ਕਰ ਲਈ ਜਾਵੇਗੀ।
ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿਚ ਫ਼ੂਡ ਪ੍ਰਾਸੈਸਿੰਗ ਖੇਤਰ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨ 'ਤੇ ਵਿਸ਼ੇਸ਼ ਧਿਆਨ ਦੇਣ ਦੇ ਹੁਕਮ ਦਿਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਨਾਲ ਨਾਲ ਸੂਬੇ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਫੂਡ ਪ੍ਰਾਸੈਸਿੰਗ ਖੇਤਰ ਹੀ ਕਿਸਾਨਾਂ ਲਈ ਸੱਭ ਤੋਂ ਵੱਧ ਲਾਭਦਾਇਕ ਖੇਤਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਵਲੋਂ ਇਕ ਐਡਵਾਇਜ਼ਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲ ਚੱਕਰ 'ਚੋਂ ਕੱਢ ਕੇ ਲਾਹੇਵੰਦ ਖੇਤੀ ਨਾਲ ਜੋੜਿਆ ਜਾ ਸਕੇ।
ਇਸ ਮੌਕੇ ਬੋਲਦਿਆਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਜੋ ਫ਼ੂਡ ਪ੍ਰਾਸੈਸਿੰਗ ਵਿਭਾਗ ਵਲੋਂ ਪੂਰੇ ਸੂਬੇ ਵਿਚ ਵਨ ਡਿਸਟ੍ਰਿਕਟ ਵਨ ਪ੍ਰੋਡੱਕਟ ਸਕੀਮ ਤਹਿਤ ਸਰਵੇ ਕਰਵਾਇਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਇਸ ਮੌਕੇ ਸ਼ਾਹਕੋਟ ਏਰੀਏ ਵਿਚ ਖ਼ਰਬੂਜੇ ਦੀ ਫ਼ਸਲ ਨੂੰ ਹੋਰ ਲਾਹੇਵੰਦ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਲਈ ਵੀ ਕਿਹਾ।
ਇਸ ਮੌਕੇ ਵਧੀਕ ਮੁੱਖ ਸਕੱਤਰ ਸ਼੍ਰੀ ਅਨਿਰੁੱਧ ਤਿਵਾੜੀ, ਡਾਇਰੈਕਟਰ ਫੂਡ ਪ੍ਰਾਸੈਸਿੰਗ ਸ਼੍ਰੀ ਮਨਜੀਤ ਸਿੰਘ ਬਰਾੜ, ਕਮੇਟੀ ਮੈਂਬਰ ਭਵਦੀਪ ਸਰਦਾਨਾ, ਕਮੇਟੀ ਮੈਂਬਰ ਡਾ. ਏ.ਆਰ. ਸ਼ਰਮਾ, ਸ਼੍ਰੀ ਅਜੈ ਕੁਮਾਰ, ਨਰਿੰਦਰ ਗੋਇਲ, ਸ਼੍ਰੀ ਵਿਜੇ ਗਰਗ ਆਦਿ ਨੇ ਵੀ ਅਪਣੇ ਵਿਚਾਰ ਰੱਖੇ।