ਚੰਡੀਗੜ੍ਹ, (ਸੱਚੀ ਕਲਮ ਬਿਊਰੋ) : 44 ਸਾਲ ਦੀ ਉਮਰ ਵਿਚ 1980 ਵਿਚ ਬਤੌਰ ਕਰਨਲ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਜੀ.ਐਸ. ਸੰਧੂ, ਸ਼ਹੀਦ ਬਾਬਾ ਦੀਪ ਸਿੰਘ ਦੇ ਭਰਾ ਬਾਬਾ ਬੀਰ ਸਿੰਘ ਦੇ ਖ਼ਾਨਦਾਨ ਵਿਚੋਂ 7ਵੀਂ ਪੀੜ੍ਹੀ ਨਾਲ ਸਬੰਧਤ ਯੋਧਾ ਹਨ।
1980 ਵਿਚ ਬਤੌਰ ਕਰਨਲ ਫ਼ੌਜ ਵਿਚੋਂ ਸੇਵਾ ਮੁਕਤ ਹੋਏ ਸਨ ਜੀ.ਐਸ. ਸੰਧੂ
|
- ਪੁਲਿਸ ਹਥੋਂ ਪੀੜਤ ਪਰਵਾਰ ਦੀ ਮਦਦ ਲਈ ਡਟੇ ਕਰਨਲ ਸੰਧੂ,
- ਆਖ਼ਰ ਹਾਈ ਕੋਰਟ ਨੇ ਜਾਰੀ ਕੀਤੇ ਉਚ ਪਧਰੀ ਜਾਂਚ ਦੇ ਹੁਕਮ
ਇਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਡੀ.ਜੀ.ਪੀ. ਸੁਮੇਧ ਸੈਣੀ ਦੇ ਨੇੜਲੇ ਨਿਹੰਗ ਅਜੀਤ ਸਿੰਘ ਪੂਹਲਾ ਦੇ ਕਬਜ਼ੇ ਵਿਚੋਂ ਛੇ ਗੁਰਦੁਆਰੇ ਛੁਡਾਉਣ ਵਾਲੇ ਬਹਾਦਰ ਕਰਨਲ ਸੰਧੂ ਨੇ ਦਸਿਆ ਕਿ ਦੁੱਖ ਦੀ ਗੱਲ ਹੈ ਕਿ ਸਿੱਖ ਨੌਜਵਾਨ ਜਸਪਾਲ ਸਿੰਘ ਨੂੰ ਬਿਨ੍ਹਾਂ ਕਸੂਰ ਦੇ ਅੱਤਿਵਾਦੀ ਕਰਾਰ ਦਿਤਾ ਗਿਆ ਅਤੇ ਪੁਲਿਸ ਨੇ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਤੋਂ ਚੁਕਿਆ ਅਤੇ ਮਾਰ ਮੁਕਾਇਆ ਅਤੇ ਪੀੜਤ ਪਰਿਵਾਰ ਨੂੰ ਕੁੱਝ ਨਹੀਂ ਦਸਿਆ। ਮਗਰੋਂ ਮਸ਼ਹੂਰ ਅਤਿਵਾਦੀ ਗੁਰਨਾਮ ਸਿੰਘ ਬੰਡਾਲਾ ਜੋ ਸੰਤ ਭਿੰਡਰਾਂਵਾਲਾ ਦੇ ਨੇੜੇ ਸੀ, ਬਲੂ ਸਟਾਰ ਉਪਰੇਸ਼ਨ ਮੌਕੇ, ਰਾਜਸਥਾਨ ਭੱਜ ਗਿਆ ਸੀ, ਉਸ ਦੀ ਥਾਂ ਜਸਪਾਲ ਨੂੰ ਮਾਰ ਕੇ ਅਫ਼ਸਰਾਂ ਨੇ 25 ਲੱਖ ਦਾ ਇਨਾਮ ਵੀ ਵੰਡ ਲਿਆ।
ਮਨੁੱਖੀ ਅਧਿਕਾਰਾਂ ਲਈ ਅਤੇ ਪੰਜਾਬ ਪੁਲਿਸ ਹਥੋਂ ਪੀੜਤ ਪਰਵਾਰਾਂ ਲਈ ਲੜਾਈ ਲੜ ਰਹੇ ਸੇਵਾ ਮੁਕਤ ਕਰਨਲ ਜੀ.ਐੱਸ. ਸੰਧੂ ਨੂੰ ਪਿਛਲੇ ਹਫ਼ਤੇ ਹਾਈ ਕੋਰਟ ਵਲੋਂ ਜਾਰੀ ਉਸ ਫ਼ੈਸਲੇ ਤੋਂ ਖ਼ੁਸ਼ੀ ਪ੍ਰਾਪਤ ਹੋਈ ਜਿਸ ਵਿਚ ਅਦਾਲਤ ਨੇ ਡੀਜੀਪੀ ਸਿਧਾਰਥ ਚਟੋਉਪਾਧਿਆਏ ਦੀ ਅਗਵਾਈ ਵਿਚ ਤਿੰਨ ਮੈਂਬਰੀ ਉੱਚ ਪਧਰੀ ਕਮੇਟੀ ਬਣਾ ਦਿਤੀ।
84 ਸਾਲਾ ਫ਼ੌਜੀ ਸੰਧੂ ਨੇ ਦਸਿਆ ਕਿ ਕਿਵੇਂ ਰੋਪੜ ਦੇ ਪੁਲਿਸ ਮੁਖੀ ਉਮਰਾਨੰਗਲ ਵੇਲੇ 26-27 ਸਾਲਾ ਨੌਜਵਾਨ ਸੁਖਪਾਲ ਸਿੰਘ ਨੂੰ ਪੁਲਿਸ ਨੇ ਟਿਕਾਣੇ ਲਾ ਦਿਤਾ ਅਤੇ 1994 ਤੋਂ ਲੈ ਕੇ ਹੁਣ ਤਕ ਉਸ ਦੀ ਵਹੁਟੀ ਦਲਬੀਰ ਕੌਰ, ਪਿਤਾ ਜਗੀਰ ਸਿੰਘ ਤੇ ਮਾਤਾ, ਸੱਭ ਪਰਵਾਰ 25 ਸਾਲਾਂ ਤੋਂ ਤੜਪ ਰਿਹਾ ਹੈ। ਦਰ-ਦਰ ਭਟਕਦੇ, ਠਾਣਿਆਂ ਵਿਚ ਧੱਕੇ ਖਾਂਦਿਆਂ ਜ਼ਮੀਨ ਵੀ ਵਿਕ ਗਈ, ਨਾ ਜਸਪਾਲ ਸਿੰਘ ਦੀ ਲਾਸ਼ ਮਿਲੀ ਅਤੇ ਨਾ ਹੀ ਕੋਈ ਸਰਕਾਰੀ ਮਦਦ ਪ੍ਰਾਪਤ ਹੋਈ।
ਸੰਧੂ ਦੇ ਸੰਪਰਕ ਵਿਚ 2007 'ਚ ਆਏ ਪੀੜਤ ਪਰਵਾਰ ਨੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ, ਵਕੀਲ ਕਾਰਤੀ ਕਈਆ ਨੇ ਬਿਨਾਂ ਫੀਸ ਕੇਸ ਲੜਿਆ, ਇਸ ਤੋਂ ਪਹਿਲਾਂ 6 ਸਾਲ ਤਕ ਪੁਲਿਸ ਅਫ਼ਸਰਾਂ, ਸਟੇਸ਼ਨਾਂ, ਸਿਆਸੀ ਲੀਡਰਾਂ ਕੋਲ ਪਹੁੰਚ ਕੀਤੀ। ਹੁਣ 25 ਸਾਲਾਂ ਮਗਰੋਂ ਹਾਈ ਕੋਰਟ ਨੇ 2013 ਵਿਚ ਦਰਜ ਪਟੀਸ਼ਨ ਨੰਬਰ 11369 ਦੇ ਫ਼ੈਸਲੇ ਰਾਹੀਂ ਡੀਜੀਪੀ ਸਿਧਾਰਥ ਚਟੋਪਾਧਿਆਏ, ਏਡੀਜੀਪੀ ਗੁਰਪ੍ਰੀਤ ਕੌਰ ਦਿਓ ਅਤੇ ਆਈਜੀ ਬੀ ਚੰਦਰਸ਼ੇਖਰ ਇਨ੍ਹਾਂ ਤਿੰਨ ਪੁਲਿਸ ਅਧਿਕਾਰੀਆਂ ਦੀ ਜਾਂਚ ਕਮੇਟੀ ਬਣਾ ਦਿਤੀ ਹੈ ਜੋ ਇਸ ਕਤਲ ਬਾਰੇ ਛੇਤੀ ਰਿਪੋਰਟ ਦੇਣਗੇ।
ਤਰਨਤਾਰਨ ਜ਼ਿਲ੍ਹੇ ਦੇ ਪਹੁਵਿੰਡ ਪਿੰਡ ਵਿਚ 1300 ਬੱਚਿਆਂ ਦੀ ਪੜ੍ਹਾਈ ਲਈ ਬਿਨਾਂ ਫੀਸ ਸਕੂਲ ਚਲਾਉਣ ਵਾਲੇ ਦਯਾਵਾਨ, ਸਮਾਜ ਸੁਧਾਰਕ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲੜਨ ਵਾਲੇ ਇਸ 84 ਸਾਲਾ ਧਾਕੜ ਫ਼ੌਜੀ ਅਫ਼ਸਰ ਸੰਧੂ ਦਾ ਕਹਿਣਾ ਹੈ ਕਿ ਸੂਬੇ ਦੀ ਪੁਲਿਸ ਤੇ ਸਰਕਾਰੀ ਮਸ਼ੀਨਰੀ ਜਿੰਨਾ ਮਰਜ਼ੀ ਕਸੂਰਵਾਰ ਪੁਲਿਸ ਅਧਿਕਾਰੀਆਂ ਨੂੰ ਬਚਾਅ ਲਵੇ ਪਰ ਉਹ ਖ਼ੁਦ ਇਸ ਪੀੜਤ ਪਰਵਾਰ ਲਈ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਰਹਿਣਗੇ ਅਤੇ ਉਮਰਾਨੰਗਲ ਵਰਗੇ ਪੁਲਿਸ ਅਧਿਕਾਰੀਆਂ ਵਿਰੁਧ ਸੰਘਰਸ਼ ਜਾਰੀ ਰਖਣਗੇ।