ਕਿਹਾ, ਭਾਜਪਾ ਕਿਸਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿਚ ਅਪਣੀ ਨਾਕਾਮੀ ਲੁਕਾਉਣ ਵਿਚ ਲੱਗੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਅਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਜਾਤੀ ਆਧਾਰ 'ਤੇ ਸਮਾਜ ਵਿਚ ਵਖਰੇਵੇਂ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਉਹ ਭਾਜਪਾ ਨੂੰ ਇਹ ਸੌੜਾ ਏਜੰਡਾ ਸੂਬੇ 'ਤੇ ਥੋਪਣ ਨਹੀਂ ਦੇਣਗੇ।
ਭਾਜਪਾ ਵਲੋਂ ਕੱਲ ਬਿਨਾਂ ਇਜਾਜ਼ਤ ਲਏ ਅਖੌਤੀ 'ਦਲਿਤ ਇਨਸਾਫ਼ ਯਾਤਰਾ' ਕੱਢਣ ਦੀ ਵਿਅਰਥ ਕੋਸ਼ਿਸ਼ ਵਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਮੈਂ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨ ਨਹੀਂ ਦੇਵਾਂਗਾ।' ਉਨ੍ਹਾਂ ਕਿਹਾ ਕਿ ਇਹ ਵੰਡੀਆਂ ਪਾਉਣ ਵਾਲੀਆਂ ਚਾਲਾਂ ਪੰਜਾਬ ਵਿਚ ਕਦੇ ਵੀ ਸਫ਼ਲ ਨਹੀਂ ਹੋਣਗੀਆਂ, ਜਿਸ ਦੇ ਲੋਕ ਅਪਣੀ ਸਮੂਹਿਕ ਵਿਕਾਸ ਲਈ ਖ਼ੁਸ਼ੀ ਨਾਲ ਇਕੱਠੇ ਰਹਿ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਦਲਿਤ ਅਧਿਕਾਰਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਜਿਸ ਨੂੰ ਭਾਜਪਾ ਅਪਣੀ ਸੱਤਾ ਦੌਰਾਨ ਬੇਰਹਿਮੀ ਨਾਲ ਦਰੜਦੀ ਰਹੀ ਹੈ। ਉਨ੍ਹਾਂ ਹੈਰਾਨ ਕਰਨ ਵਾਲੇ ਅੰਕੜਿਆਂ ਵਲ ਇਸ਼ਾਰਾ ਕੀਤਾ ਜੋ ਦਰਸਾਉਂਦੇ ਹਨ ਕਿ ਭਾਜਪਾ ਦੀ ਸੱਤਾ ਦੌਰਾਨ ਉੱਤਰ ਪ੍ਰਦੇਸ਼ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਉੱਤੇ ਹੋਏ ਅਤਿਆਚਾਰ ਦੇਸ਼ ਵਿਚ ਹੋਏ ਅਤਿਆਚਾਰਾਂ ਦਾ 25 ਫ਼ੀ ਸਦ ਤੋਂ ਵੱਧ ਹਿੱਸਾ ਹਨ ਅਤੇ ਸਾਲ 2018 ਵਿਚ ਅਜਿਹੀਆਂ ਸੱਭ ਤੋਂ ਵੱਧ ਘਟਨਾਵਾਂ ਦਰਜ ਹੋਈਆਂ ਹਨ। ਉਨ੍ਹਾਂ ਭਾਜਪਾ ਨੂੰ ਪੁੱਛਿਆ 'ਕੀ ਇਹ ਤੁਹਾਡੀ ਦਲਿਤਾਂ ਲਈ ਨਿਆਂ ਦੀ ਪਰਿਭਾਸ਼ਾ ਹੈ? ਕੀ ਤੁਸੀਂ ਇਹੋ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਨੂੰ ਦੇਣਾ ਚਾਹੁੰਦੇ ਹੋ?'
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਮਾਰੂ, ਕਿਸਾਨੀ ਵਿਰੋਧੀ ਅਤੇ ਗ਼ੈਰ ਸੰਵਿਧਾਨਕ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਪੂਰੀ ਤਰ੍ਹਾਂ ਫਸ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਇਕੋ-ਇਕ ਉਦੇਸ਼ ਨਾਲ ਨਾਟਕ ਅਤੇ ਗ਼ਲਤ ਪ੍ਰਚਾਰਾਂ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਤੱਥ ਇਹ ਹੈ ਕਿ ਪਾਰਟੀ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ ਜਿਨ੍ਹਾਂ ਨੂੰ ਭਾਜਪਾ ਦੀ ਕੇਂਦਰ ਸਰਕਾਰ ਨੇ ਜਾਣਬੁਝ ਕੇ ਕੇਂਦਰੀ ਪੋਸਟ-ਮੈਟ੍ਰਿਕ ਸਕਾਲਰਸਪਿ ਸਕੀਮ ਤੋਂ ਹੱਥ ਝਾੜ ਕੇ ਉੱਚ ਸਿਖਿਆ ਤਕ ਪਹੁੰਚ ਤੋਂ ਵਾਂਝਾ ਕਰ ਦਿਤਾ ਸੀ।