ਨਵੀਂ ਦਿੱਲੀ : ਦਿੱਲੀ ਰਾਜਧਾਨੀ ਨੂੰ ਮੰਗਲਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 5 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਸ ਮੈਚ ਵਿੱਚ ਸੈਂਕੜੇ ਦੀ ਪਾਰੀ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਰਿਕਾਰਡ ਕਾਇਮ ਕੀਤਾ ਹੈ। ਪਿਛਲੇ ਤਿੰਨ ਮੈਚਾਂ ਵਿਚ ਦੋ ਅਰਧ ਸੈਂਕੜੇ ਤੇ ਇਕ ਸੈਂਕੜਾ ਲਾਉਣ ਵਾਲੇ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਵੀ ਆਪਣੀ ਸ਼ਾਨਦਾਰ ਲੈਅ ਦਾ ਸਿਲਸਿਲਾ ਜਾਰੀ ਰੱਖਿਆ ਤੇ ਦੁਬਈ 'ਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਈਪੀਐੱਲ ਮੁਕਾਬਲੇ ਦੌਰਾਨ ਟੂਰਨਾਮੈਂਟ 'ਚ ਆਪਣਾ ਲਗਾਤਾਰ ਦੂਜਾ ਸੈਂਕੜਾ ਜੜਦਿਆਂ ਅਜੇਤੂ 106 ਦੌੜਾਂ ਬਣਾਈਆਂ। ਮੈਨ ਆਫ ਦ ਮੈਚ ਧਵਨ ਨੇ 61 ਗੇਂਦਾਂ ਦੀ ਪਾਰੀ ਵਿਚ 12 ਚੌਕੇ ਤੇ ਤਿੰਨ ਸ਼ਾਨਦਾਰ ਛੱਕੇ ਲਾਏ। ਇਸ ਦੇ ਬਾਵਜੂਦ ਦਿੱਲੀ ਦੀ ਟੀਮ ਨੂੰ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਦੀ ਟੀਮ ਨੇ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 164 ਦੌੜਾਂ ਦਾ ਸਕੋਰ ਬਣਾਇਆ। ਜਵਾਬ 'ਚ ਪੰਜਾਬ ਨੇ ਇਕ ਓਵਰ ਬਾਕੀ ਰਹਿੰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਪੰਜਾਬ ਵੱਲੋਂ ਕ੍ਰਿਸ ਗੇਲ (29) ਤੇ ਨਿਕੋਲਸ ਪੂਰਨ (53) ਨੇ ਧਮਾਕੇਦਾਰ ਪਾਰੀਆਂ ਖੇਡੀਆਂ। ਮੈਕਸਵੈਲ ਨੇ ਵੀ 24 ਗੇਂਦਾਂ 'ਤੇ 32 ਦੌੜਾਂ ਦਾ ਯੋਗਦਾਨ ਦਿੱਤਾ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੀ ਇਹ ਲਗਾਤਾਰ ਤੀਜੀ ਜਿੱਤ ਹੈ।