ਚੰਡੀਗੜ੍ਹ : ਤਿੰਨ ਕੇਂਦਰੀ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਬਾਰੇ ਅੱਜ ਅੰਦੋਲਨਕਾਰੀ ਜਥੇਬੰਦੀਆਂ ਆਪਣੇ ਅਗਲੇ ਪ੍ਰੋਗਰਾਮ ਬਾਰੇ ਚਰਚਾ ਕਰਣਗੀਆਂ। 30 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਨਵੇਂ ਖੇਤੀ ਸੋਧ ਬਿੱਲਾਂ ਅਤੇ ਮੁੱਖ ਮੰਤਰੀ ਵੱਲੋਂ ਕੀਤੀ ਅਪੀਲ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਕਿਸਾਨ ਅੰਦੋਲਨ ਦੇ ਅਗਲੇ ਕਦਮ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਭਲਕੇ 21 ਅਕਤੂਬਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ, ਜਿਸ ਵਿਚ ਨਵੀਆਂ ਉੱਭਰੀਆਂ ਪ੍ਰਸਥਿਤੀਆਂ ’ਤੇ ਚਰਚਾ ਕੀਤੀ ਜਾਣੀ ਹੈ। ਸੰਘਰਸ਼ ਕਮੇਟੀ ਵੱਲੋਂ 22 ਅਕਤੂਬਰ ਨੂੰ ਅਗਲੇ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ ਕੀਤਾ ਜਾਵੇਗਾ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨੀ ਲਈ ਖੇਤੀ ਸੋਧ ਬਿੱਲਾਂ ਤੋਂ ਇਲਾਵਾ ਹੋਰ ਵੀ ਅਗਲੇਰੇ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ ਮੋਦੀ ਅਤੇ ਅੰਬਾਨੀ, ਅਡਾਨੀ ਦੇ ਪੂਤਲੇ ਫੂਕੇ ਜਾਣਗੇ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀ ਸੋਧ ਬਿੱਲਾਂ ਸਬੰਧੀ ਕਿਸਾਨ ਆਗੂਆਂ ’ਚ ਹਾਲੇ ਭੰਬਲਭੂਸਾ ਹੈ ਅਤੇ ਉਹ ਭਲਕੇ ਕਿਸਾਨ ਅੰਦੋਲਨ ਦੌੌਰਾਨ ਨਵੇਂ ਖੇਤੀ ਸੋਧ ਬਿੱਲਾਂ ਦੇ ਨਫ਼ੇ-ਨੁਕਸਾਨ ਤੋਂ ਕਿਸਾਨਾਂ ਨੂੰ ਜਾਣੂ ਕਰਾਉਣਗੇ। ਮਾਲਵੇ ਦੇ 10 ਟੌਲ ਪਲਾਜ਼ਿਆਂ, 4 ਸ਼ਾਪਿੰਗ ਮਾਲਜ਼, 1 ਅਡਾਨੀ ਗੁਦਾਮ, 23 ਰਿਲਾਇੰਸ ਪੰਪਾਂ, 10 ਐੱਸਾਰ ਪੰਪਾਂ ਅਤੇ ਬਣਾਂਵਾਲੀ ਥਰਮਲ ਪਲਾਂਟ ’ਤੇ ਪਹਿਲਾਂ ਹੀ ਧਰਨੇ ਜਾਰੀ ਹਨ।