ਨਵੀਂ ਦਿੱਲੀ : ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦਾ ਅੱਜ ਯਾਨੀ ਵੀਰਵਾਰ ਨੂੰ ਜਨਮ ਦਿਹਾੜਾ ਹੈ। ਅਬਦੁੱਲ ਕਲਾਮ ਇਕ ਵਿਗਿਆਨੀ ਵੀ ਸਨ। ਉਨ੍ਹਾਂ ਨੇ ਪੁਲਾੜ ਅਤੇ ਰੱਖਿਆ ਦੇ ਖੇਤਰ 'ਚ ਖਾਸ ਯੋਗਦਾਨ ਦਿੱਤਾ ਹੈ। ਭਾਰਤ ਨੂੰ ਬੈਲੇਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨਾਲੋਜੀ 'ਚ ਆਤਮਨਿਰਭਰ ਬਣਾਉਣ ਕਾਰਨ ਏ.ਪੀ.ਜੇ. ਅਬਦੁੱਲ ਕਲਾਮ ਦਾ ਨਾਂ ਮਿਜ਼ਾਈਲ ਮੈਨ ਪਿਆ। ਦੇਸ਼ ਦੀ ਪਹਿਲੀ ਮਿਜ਼ਾਈਲ ਕਲਾਮ ਦੀ ਦੇਖ-ਰੇਖ 'ਚ ਹੀ ਬਣੀ ਸੀ। ਕਲਾਮ ਵਿਗਿਆਨੀ ਜ਼ਰੂਰ ਸਨ ਪਰ ਉਹ ਸਾਹਿਤ 'ਚ ਖਾਸ ਰੂਚੀ ਰੱਖਦੇ ਸਨ। ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਸਨ। ਇਕ ਮੱਧਮ ਵਰਗ ਪਰਿਵਾਰ ਤੋਂ ਆਉਣ ਵਾਲੇ ਕਲਾਮ ਨੇ ਆਪਣੀ ਸਿੱਖਿਆ ਲਈ ਅਖਬਾਰ ਤੱਕ ਵੇਚੇ ਸਨ। ਕਲਾਮ ਦੇ ਸੰਘਰਸ਼ ਭਰੇ ਜੀਵਨ 'ਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਨ੍ਹਾਂ ਦੇ ਵਿਚਾਰ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।