Saturday, November 23, 2024
 

ਰਾਸ਼ਟਰੀ

ਗੋਗੜਾਂ ਵਾਲੇ ਪੁਲਿਸ ਮੁਲਾਜ਼ਮਾਂ ਦੀ ਸ਼ਾਮਤ! ਹਾਈਕੋਰਟ ਦਾ ਸਖਤ ਹੁਕਮ

October 13, 2020 07:11 PM

ਚੰਡੀਗੜ੍ਹ: ਪੰਜਾਬ ਪੁਲਿਸ 'ਚ ਆਉਣ ਵਾਲੇ ਦਿਨਾਂ ਅੰਦਰ ਤੁਸੀਂ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਸਰੀਰਕ ਤੌਰ 'ਤੇ ਅਨਫਿਟ ਜਾਂ ਜ਼ਿਆਦਾ ਭਾਰ ਵਾਲੇ ਪੁਲਿਸ ਵਾਲੇ ਨਹੀਂ ਵੇਖ ਸਕੋਗੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਏਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਅਨਫਿਟ ਪੁਲਿਸ ਮੁਲਾਜ਼ਮਾਂ ਨੂੰ ਰੇਡ ਉੱਪਰ ਨਹੀਂ ਬਲਕਿ ਪੁਲਿਸ ਟ੍ਰੇਨਿੰਗ ਅਕੈਡਮੀ ਵਿੱਚ ਭੇਜਿਆ ਜਾਵੇ।

ਇੱਕ ਕੇਸ ਦੀ ਸੁਣਵਾਈ ਦੌਰਾਨ ਜਸਟਿਸ ਅਰਵਿੰਦ ਸਿੰਘ ਸੰਗਵਾਨ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਵਢੇਰੀ ਉਮਰ ਦੇ ਮੁਲਜ਼ਮਾਂ ਨੂੰ ਵੀ ਪੁਲਿਸ ਪਾਰਟੀ ਨਹੀਂ ਫੜ੍ਹ ਪਾ ਰਹੀ। ਖਾਸ ਕਰਕੇ ਆਬਕਾਰੀ ਐਕਟ ਦੇ ਮਾਮਲਿਆਂ ਵਿੱਚ ਦੋਸ਼ੀ ਪੁਲਿਸ ਪਾਰਟੀ ਦੀ ਹਾਜ਼ਰੀ ਵਿੱਚ ਫਰਾਰ ਹੋ ਰਹੇ ਹਨ। 

ਕੋਰਟ ਨੇ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਦੋਸ਼ੀ ਦੇ ਘਰ ਛਾਪਾ ਮਾਰਨ ਜਾਂਦੀ ਹੈ ਤੇ ਦੋਸ਼ੀ ਕੋਠੇ ਜਾਂ ਕੰਧਾਂ ਟੱਪ ਕੇ ਫਰਾਰ ਹੋ ਜਾਂਦੇ ਹਨ।

ਇਹ ਸਭ ਪੁਲਿਸ ਪਾਰਟੀ ਦੀ ਮੌਜੂਦਗੀ ਵਿੱਚ ਹੁੰਦਾ ਹੈ। ਅਦਾਲਤ ਨੇ ਕਿਹਾ, ਅਜਿਹੀ ਸਥਿਤੀ ਵਿੱਚ, ਜ਼ਿਆਦਾ ਵਜ਼ਨ ਵਾਲੇ ਮੁਲਾਜ਼ਮਾਂ ਨੂੰ ਛਾਪੇਮਾਰੀ ਲਈ ਨਹੀਂ ਭੇਜਿਆ ਜਾਣਾ ਚਾਹੀਦਾ, ਜੋ ਭੱਜ ਕੇ ਦੋਸ਼ੀ ਨੂੰ ਫੜ੍ਹ ਹੀ ਨਹੀਂ ਸਕਦੇ।

ਮੋਗਾ ਦੇ ਨਿਹਾਲ ਸਿੰਘ ਵਾਲਾ ਥਾਣੇ 'ਚ ਐਨਡੀਪੀਐਸ ਐਕਟ ਤਹਿਤ 16 ਸਤੰਬਰ, 2020 ਨੂੰ ਕੇਸ ਦਰਜ ਕੀਤਾ ਗਿਆ ਜਿਸ 'ਚ ਦੋਸ਼ੀ ਮਲਕੀਤ ਸਿੰਘ ਸੀ, ਨੇ ਗ੍ਰਿਫਤਾਰੀ ਤੋਂ ਬਚਣ ਲਈ ਹਾਈ ਕੋਰਟ ਤੋਂ ਅਗਾਉਂ ਜ਼ਮਾਨਤ ਮੰਗੀ ਸੀ। ਸੁਣਵਾਈ ਦੌਰਾਨ ਅਦਾਲਤ ਦੇ ਸਾਹਮਣੇ ਇਹ ਕਿਹਾ ਗਿਆ ਕਿ ਦੋਸ਼ੀ ਇਕ ਪਲਾਸਟਿਕ ਦੇ ਬੈਗ ਵਿੱਚ ਨਸ਼ਾ ਲੈ ਕੇ ਜਾ ਰਿਹਾ ਸੀ। ਪੁਲਿਸ ਪਾਰਟੀ ਨੂੰ ਵੇਖਦਿਆਂ ਉਸਨੇ ਬੈਗ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।

ਹੈੱਡ ਕਾਂਸਟੇਬਲ ਮੁਲਜ਼ਮ ਨੂੰ ਜਾਣਦਾ ਸੀ ਤੇ ਦੱਸਿਆ ਕਿ ਮੁਲਜ਼ਮ ਦਾ ਨਾਮ ਮਲਕੀਤ ਸਿੰਘ ਹੈ। ਹਾਈਕੋਰਟ ਨੇ ਅਗਾਉਂ ਜ਼ਮਾਨਤ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ 45 ਸਾਲਾ ਦੋਸ਼ੀ ਪੁਲਿਸ ਪਾਰਟੀ ਦੀ ਹਾਜ਼ਰੀ ਵਿੱਚ ਮੌਕੇ ਤੋਂ ਫਰਾਰ ਹੋ ਗਿਆ ਹੋਵੇ। ਇਸ ਤੋਂ ਇਲਾਵਾ ਦੋਸ਼ੀ 'ਤੇ ਕੋਈ ਹੋਰ ਕੇਸ ਵੀ ਦਰਜ ਨਹੀਂ ਹੈ, ਫਿਰ ਹੈੱਡ ਕਾਂਸਟੇਬਲ ਨੇ ਉਸ ਦੀ ਪਛਾਣ ਕਿਵੇਂ ਕੀਤੀ, ਸ਼ੱਕ ਦਾ ਲਾਭ ਦਿੰਦਿਆਂ ਹਾਈ ਕੋਰਟ ਨੇ ਅਗਾਉਂ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ।
 

Readers' Comments

ਬਲਵੀਰ ਕੌਰ 10/13/2020 7:37:26 PM

ਬਹੁਤ ਵਧੀਆ ਉਪਰਾਲਾ ਹੈ ਜੀ

ਬਲਵੀਰ ਕੌਰ 10/13/2020 7:37:27 PM

ਬਹੁਤ ਵਧੀਆ ਉਪਰਾਲਾ ਹੈ ਜੀ

Have something to say? Post your comment

 
 
 
 
 
Subscribe