Friday, November 22, 2024
 

ਰਾਸ਼ਟਰੀ

ਹਾਥਰਸ ਮਾਮਲਾ : ਦੋਸ਼ੀ ਨੇ ਜੇਲ 'ਚੋਂ ਲਿਖੀ ਚਿੱਠੀ, ਕੀਤੇ ਕਈ ਪ੍ਰਗਟਾਵੇ

October 09, 2020 09:25 AM

ਲਖਨਊ : ਉੱਤਰ ਪ੍ਰਦੇਸ਼ ਦੇ ਹਾਥਰਸ ਮਾਮਲੇ ਨੂੰ ਲੈ ਕੇ ਪੂਰਾ ਦੇਸ਼  ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਕਰ ਰਿਹਾ ਹੈ।ਪਰ ਇਸ ਦੌਰਾਨ ਇਸ ਮਾਮਲੇ ਦੇ ਮੁੱਖ ਦੋਸ਼ੀ ਸੰਦੀਪ ਠਾਕੁਰ ਨੇ ਪੁਲਿਸ ਸੁਪਰਡੈਂਟ ਹਾਥਰਸ ਨੂੰ ਚਿੱਠੀ ਲਿਖ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠੇ ਕੇਸ 'ਚ ਮ੍ਰਿਤਕਾ ਦੇ ਪਰਵਾਰ ਨੇ ਹੀ ਫਸਾਇਆ ਹੈ। ਚਿੱਠੀ 'ਚ ਉਹ ਲਿਖਦਾ ਹੈ ਕਿ ਉਸ ਦੀ ਦੋਸਤੀ ਮ੍ਰਿਤਕਾ ਨਾਲ ਸੀ ਅਤੇ ਇਹ ਗੱਲ ਉਸ ਦੇ ਪਰਵਾਰ ਨੂੰ ਪਸੰਦ ਨਹੀਂ ਸੀ। ਇੰਨਾ ਹੀ ਨਹੀਂ 14 ਸਤੰਬਰ ਦੇ ਦਿਨ ਉਹ ਮ੍ਰਿਤਕਾ ਨੂੰ ਖੇਤ 'ਚ ਮਿਲਿਆ ਸੀ ਅਤੇ ਉਸ ਸਮੇਂ ਉਸ ਦੇ ਭਰਾ ਅਤੇ ਮਾਂ ਵੀ ਸਨ ਪਰ ਮ੍ਰਿਤਕਾ ਨੇ ਮੈਨੂੰ ਤੁਰਤ ਉਥੋਂ ਭੇਜ ਦਿਤਾ। ਇਸ ਤੋਂ ਬਾਅਦ ਮਾਂ ਅਤੇ ਭਰਾ ਨੇ ਉਸ ਨਾਲ ਕੁੱਟਮਾਰ ਕੀਤੀ। ਸੰਦੀਪ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਚਿੱਠੀ 'ਤੇ ਹੋਰ ਦੋਸ਼ੀ ਰਵੀ, ਰਾਮੂ ਅਤੇ ਲਵਕੁਸ਼ ਨੇ ਨਾਂ ਲਿਖਿਆ ਅਤੇ ਅੰਗੂਠਾ ਲਗਾਇਆ।
       ਚਿੱਠੀ ਸੰਦੀਪ ਨੇ ਲਿਖਿਆ ਹੈ ਕਿ ਮੈਨੂੰ 20 ਸਤੰਬਰ ਨੂੰ ਝੂਠੇ ਮੁਕੱਦਮੇ 'ਚ ਜੇਲ ਭੇਜਿਆ ਗਿਆ ਹੈ। ਮੇਰੇ 'ਤੇ ਦੋਸ਼ ਲਗਾਇਆ ਕਿ ਪਿੰਡ ਦੀ ਕੁੜੀ ਨਾਲ ਗਲਤ ਕੰਮ ਅਤੇ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ। ਇਸ ਝੂਠੇ ਮਾਮਲੇ 'ਚ ਵੱਖ-ਵੱਖ ਦਿਨਾਂ 'ਚ ਪਿੰਡ ਦੇ ਤਿੰਨ ਹੋਰ ਲੋਕਾਂ ਲਵਕੁਸ਼, ਰਵੀ ਅਤੇ ਰਾਮੂ ਨੂੰ ਜੇਲ ਭੇਜਿਆ ਗਿਆ। ਉਹ ਮੇਰੇ ਰਿਸ਼ਤੇ 'ਚ ਚਾਚਾ ਹਨ। ਪੀੜਤਾ ਪਿੰਡ ਦੀ ਚੰਗੀ ਕੁੜੀ ਸੀ, ਉਸ ਨਾਲ ਮੇਰੀ ਚੰਗੀ ਦੋਸਤੀ ਸੀ। ਮੁਲਾਕਾਤ ਤੋਂ ਬਾਅਦ ਮੇਰੀ ਅਤੇ ਉਸ ਦੀ ਕਦੇ-ਕਦੇ ਫ਼ੋਨ 'ਤੇ ਗੱਲ ਵੀ ਹੁੰਦੀ ਸੀ ਪਰ ਸਾਡੀ ਦੋਸਤੀ ਉਸ ਦੇ ਪਰਵਾਰ ਨੂੰ ਪਸੰਦ ਨਹੀਂ ਸੀ। ਘਟਨਾ ਦੇ ਦਿਨ ਉਸ ਦੀ ਅਤੇ ਮੇਰੀ ਖੇਤ 'ਚ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਮਾਂ ਅਤੇ ਭਰਾ ਵੀ ਸਨ। ਉਨ੍ਹਾਂ ਦੇ ਕਹਿਣ 'ਤੇ ਮੈਂ ਅਪਣੇ ਘਰ ਚਲਾ ਗਿਆ ਅਤੇ ਪਿਤਾ ਜੀ ਨਾਲ ਪਸ਼ੂਆਂ ਨੂੰ ਪਾਣੀ ਪਿਲਾਉਣ ਲੱਗਾ। ਬਾਅਦ 'ਚ ਮੈਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਾ ਕਿ ਮੇਰੀ ਦੋਸਤੀ ਨੂੰ ਲੈ ਕੇ ਕੁੜੀ ਨੂੰ ਉਸ ਦੀ ਮਾਂ ਅਤੇ ਭਰਾ ਨੇ ਕੁੱਟਿਆ ਸੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹ ਮਰ ਗਈ। ਮੈਂ ਕਦੇ ਪੀੜਤਾ ਨਾਲ ਕੁੱਟਮਾਰ ਅਤੇ ਗਲਤ ਕੰਮ ਨਹੀਂ ਕੀਤਾ। ਮਾਮਲੇ 'ਚ ਕੁੜੀ ਦੀ ਮਾਂ ਅਤੇ ਭਰਾ ਨੇ ਮੈਨੂੰ ਅਤੇ ਤਿੰਨ ਹੋਰ ਲੋਕਾਂ ਨੂੰ ਝੂਠੇ ਦੋਸ਼ 'ਚ ਫਸਾ ਕੇ ਜੇਲ ਭਿਜਵਾ ਦਿਤਾ। ਅਸੀਂ ਸਾਰੇ ਲੋਕ ਨਿਰਦੋਸ਼ ਹਾਂ। ਕਿਰਪਾ ਕਰਕੇ ਮਾਮਲੇ ਦੀ ਜਾਂਚ ਕਰਵਾ ਕੇ ਸਾਨੂੰ ਨਿਆਂ ਦਿਵਾਉਣ ਦੀ ਕ੍ਰਿਪਾ ਕਰੋ। 

   ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਹਾਥਰਸ 'ਚ ਸਮੂਹਕ ਜਬਰ ਜ਼ਿਨਾਹ ਪੀੜਤਾ ਦੇ ਚਰਿੱਤਰ ਨੂੰ ਖ਼ਰਾਬ ਕਰਨ ਅਤੇ ਅਪਰਾਧ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਉਣਾ ਘਿਨੌਣਾ ਹੈ। ਉਨ੍ਹਾਂ ਕਿਹਾ ਕਿ ਪੀੜਤਾ ਬਦਨਾਮੀ ਦੀ ਨਹੀਂ ਸਗੋਂ ਨਿਆਂ ਦੀ ਹੱਕਦਾਰ ਹੈ। ਪ੍ਰਿਅੰਕਾ ਨੇ ਟਵੀਟ ਕੀਤਾ ਕਿ ਕੁੜੀ ਦੇ ਚਰਿੱਤਰ ਨੂੰ ਖ਼ਰਾਬ ਕਰਨ ਅਤੇ ਉਸ ਵਿਰੁਧ ਹੋਏ ਅਪਰਾਧ ਲਈ ਕਿਸੇ ਨਾ ਕਿਸੇ ਤਰ੍ਹਾਂ ਉਸੇ ਨੂੰ ਜ਼ਿੰਮੇਵਾਰ ਠਹਿਰਾਉਣਾ, ਘਿਨੌਣਾ ਹੈ। ਪ੍ਰਿਅੰਕਾ ਨੇ ਕਿਹਾ ਕਿ ਹਾਥਰਸ 'ਚ ਭਿਆਨਕ ਅਪਰਾਧ ਕੀਤਾ ਗਿਆ, ਜਿਸ 'ਚ 20 ਸਾਲਾ ਕੁੜੀ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪਰਵਾਰ ਦੀ ਸਹਿਮਤੀ ਜਾਂ ਉਸ ਦੀ ਮੌਜੂਦਗੀ ਦੇ ਬਿਨਾਂ ਸਾੜ ਦਿਤਾ ਗਿਆ। ਉਹ ਬਦਨਾਮੀ ਨਹੀਂ, ਨਿਆਂ ਦੀ ਹੱਕਦਾਰ ਹੈ।

 ਉੱਤਰ ਪ੍ਰਦੇਸ਼ ਦੇ ਹਾਥਰਸ ਮਾਮਲੇ ਵਿਚ ਯੋਗੀ ਸਰਕਾਰ ਅੱਜ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਖਲ ਕਰੇਗੀ। ਪਿਛਲੀ  ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਥਰਾਸ ਦਾ ਕੇਸ ਬਹੁਤ ਹੀ ਅਸਧਾਰਨ ਹੈ। ਅਦਾਲਤ ਨੇ ਯੂਪੀ ਸਰਕਾਰ ਤੋਂ ਤਿੰਨ ਸਵਾਲਾਂ ਦਾ ਜਵਾਬ ਮੰਗੇ ਸਨ। ਪਹਿਲਾਂ ਸਵਾਲ ਸੀ ਕਿ ਪੀੜਤ ਪਰਵਾਰ ਅਤੇ ਗਵਾਹਾਂ ਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਦਿਤੀ ਗਈ ਹੈ। ਦੂਜਾ ਸਵਾਲ ਕੀ ਪੀੜਤ ਪਰਵਾਰ ਨੇ ਅਪਣੇ ਲਈ ਵਕੀਲ ਨਿਯੁਕਤ ਕੀਤਾ ਹੈ। ਸੁਪਰੀਮ ਕੋਰਨ ਦਾ ਤੀਜਾ ਸਵਾਲ ਸੀ ਕਿ ਇਲਾਹਾਬਾਦ ਹਾਈ ਕੋਰਟ ਵਿਚ ਇਸ ਮਾਮਲੇ ਦੀ ਕੀ ਸਥਿਤੀ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਜਾਂਚ ਨੂੰ ਸਹੀ ਢੰਗ ਨਾਲ ਕਰਵਾਉਣ ਲਈ ਢੁਕਵੇਂ ਆਦੇਸ਼ ਜਾਰੀ ਕਰੇਗੀ। ਅਦਾਲਤ ਦੇ ਆਦੇਸ਼ ਤੋਂ ਬਾਅਦ ਯੋਗੀ ਸਰਕਾਰ ਅੱਜ ਇਸ ਮਾਮਲੇ ਵਿਚ ਹਲਫ਼ਨਾਮਾ ਦਾਖਲ ਕਰਨ ਜਾ ਰਹੀ ਹੈ।
    ਜ਼ਿਕਰਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਅਗਲੇ ਹਫ਼ਤੇ ਹੋਣੀ ਤੈਅ ਕੀਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪਿੰਡ ਵਿਚ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿਤਾ ਗਿਆ ਹੈ। ਸੁਰੱਖਿਆ ਨੂੰ ਹੋਰ ਵਧਾਉਣ ਲਈ ਪੀੜਤ ਪਰਵਾਰ ਦੇ ਘਰ ਸੀ ਸੀ ਟੀ ਵੀ ਕੈਮਰੇ ਅਤੇ ਮੈਟਲ ਡਿਟੈਕਟਰ ਲਗਾਏ ਗਏ ਹਨ।
      ਪਿਛਲੀ ਸੁਣਵਾਈ ਦੌਰਾਨ ਸੀਜੇਆਈ ਨੇ ਪਟੀਸ਼ਨਕਰਤਾਵਾਂ ਨੂੰ ਕਿਹਾ ਕਿ ''ਹਰ ਕੋਈ ਕਹਿ ਰਿਹਾ ਹੈ ਕਿ ਇਹ ਘਟਨਾ ਦਿਲ ਝੁੰਜੋੜਨ ਵਾਲੀ ਹੈ। ਅਸੀਂ ਇਸ ਤੇ ਵਿਸ਼ਵਾਸ ਕਰਦੇ ਹਾਂ ਤਾਂ ਹੀ ਤੁਹਾਡੀ ਗੱਲ ਸੁਣ ਰਹੇ ਹਾਂ। ਪਰ ਤੁਸੀਂ ਇਲਾਹਾਬਾਦ ਹਾਈ ਕੋਰਟ ਕਿਉਂ ਨਹੀਂ ਗਏ? ਇਸ ਕੇਸ ਦੀ ਸੁਣਵਾਈ ਪਹਿਲਾਂ ਹਾਈ ਕੋਰਟ ਕਰੇ, ਜੋ ਬਹਿਸ ਇਥੇ ਹੋ ਸਕਦੀ ਹੈ ਉਹੀ ਹਾਈ ਕੋਰਟ ਵਿਚ ਵੀ ਹੋ ਸਕਦੀ ਹੈ। ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਪਹਿਲਾਂ ਹਾਈਕਰੋਟ ਇਸ ਮਾਮਲੇ ਦੀ ਸੁਣਵਾਈ ਕਰੋ।''

 

Have something to say? Post your comment

 
 
 
 
 
Subscribe