Friday, November 22, 2024
 

ਚੰਡੀਗੜ੍ਹ / ਮੋਹਾਲੀ

ਕੈਪਟਨ ਅਮਰਿੰਦਰ ਵੱਲੋਂ ਸੁਖਬੀਰ ਦੇ 'ਫਿਕਸਡ ਮੈਚ' ਦੇ ਲਾਏ ਦੋਸ਼ਾਂ ਦੀ ਨਿਖੇਧੀ

October 08, 2020 11:09 PM

ਚੰਡੀਗੜ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਫਿਕਸਡ ਮੈਚ' ਦੇ ਲਾਏ ਦੋਸ਼ਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਨਿਖੇਧੀ ਕਰਦਿਆਂ ਇਨਾਂ ਨੂੰ ਬੇਤੁਕਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨਾਂ ਕਿਸਾਨਾਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਬੋਲੀ ਬੋਲਣ ਕਰਕੇ ਅਕਾਲੀਆਂ ਦੀ ਕਰੜੀ ਆਲੋਚਨਾ ਵੀ ਕੀਤੀ।

ਮੁੱਖ ਮੰਤਰੀ ਨੇ ਪੁੱਛਿਆ ਸੁਖਬੀਰ ਬਾਦਲ ਦੱਸਣ ਕਿ ਮੈਂ ਕਿਸ ਨਾਲ ਫਿਕਸਡ ਮੈਚ ਖੇਡ ਰਿਹਾ ਹਾਂ ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਸਾਰੇ 'ਫਿਕਸਡ ਮੈਚ' ਖੇਡਣ ਤੋਂ ਬਾਅਦ ਸੁਖਬੀਰ ਹੁਣ ਇਸ ਕਦਰ ਭਰਮ ਦਾ ਸ਼ਿਕਾਰ ਹੋ ਗਿਆ ਹੈ ਕਿ ਉਹ ਇਹ ਵੀ ਭੁੱਲ ਚੁੱਕਾ ਹੈ ਕਿ ਫਿਕਸਡ ਮੈਚ ਇਕੱਲਿਆ ਕਦੇ ਨਹੀਂ ਖੇਡਿਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਕੋਈ ਫਿਕਸਡ ਮੈਚ ਖੇਡ ਰਿਹਾ ਹੈ ਤਾਂ ਉਹ ਅਕਾਲੀ ਦਲ ਹੈ। ਉਨਾਂ ਕਿਹਾ ਕਿ ਹਾਲ ਹੀ ਵਿੱਚ ਅਕਾਲੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਾਪਸ ਲੈਣ ਦੇ ਫੈਸਲੇ ਨੂੰ ਬਚਾਅ ਕਰਨ ਦੀ ਘਟਨਾ ਇਸ ਗੱਲ ਦੀ ਤਾਜ਼ਾ ਉਦਾਹਰਨ ਹੈ ਕਿ ਅਕਾਲੀ ਦਲ ਲਗਾਤਾਰ ਭਾਜਪਾ ਦੇ ਇਸ਼ਾਰਿਆਂ ਉਤੇ ਨੱਚ ਰਿਹਾ ਹੈ ਅਤੇ ਐਨ.ਡੀ.ਏ. ਛੱਡਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਹਿੱਤ ਲਈ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਅੱਜ

ਮੁੱਖ ਮੰਤਰੀ ਨੇ ਸੁਖਬੀਰ ਦੀ ਉਸ ਟਿੱਪਣੀ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਕਿਹਾ ਸੀ ਕਿ ਅਕਾਲੀ ਆਪਣੀ ਸਰਕਾਰ ਨੂੰ ਕੁਝ ਵੀ ਕਰਵਾਉਣ ਲਈ ਮਜਬੂਰ ਕਰ ਦੇਣਗੇ। ਇਸ ਤਰਾਂ ਅਕਾਲੀਆਂ ਨੇ ਖੁਦ ਹੀ ਮੰਨ ਲਿਆ ਕਿ ਉਹ ਕੇਂਦਰ ਵਿੱਚ ਕਿਸਾਨ ਵਿਰੋਧੀ ਕਾਨੂੰਨ ਨਾ ਲਿਆਉਣ ਲਈ ਮਨਾਉਣ ਵਿੱਚ ਕੇਂਦਰ ਸਰਕਾਰ ਨੂੰ ਮਨਾਉਣ ਵਿੱਚ ਬੁਰੀ ਤਰਾਂ ਫੇਲ ਹੋਏ। ਉਨਾਂ ਕਿਹਾ ਕਿ ਬਾਦਲਾਂ ਨੇ ਕਾਲੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੇ ਬੇਤੁਕੇ ਬਿਆਨਾਂ ਅਤੇ ਝੂਠੇ ਦਾਅਵਿਆਂ ਨਾਲ ਆਪਣਾ ਅਤੇ ਆਪਣੀ ਪਾਰਟੀ ਨੂੰ ਹਾਸੇ ਦਾ ਪਾਤਰ ਬਣਾਇਆ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਪੁਰਾਣੇ ਭਾਈਵਾਲ ਭਾਜਪਾ ਨੇ ਵੀ ਜਨਤਕ ਤੌਰ 'ਤੇ ਐਲਾਨ ਕੀਤਾ ਹੈ ਕਿ ਅਕਾਲੀਆਂ ਨੇ ਪਹਿਲੇ ਦਿਨ ਤੋਂ ਹੀ ਇਨਾਂ ਕਾਨੂੰਨਾਂ ਦੀ ਪੂਰਨ ਹਮਾਇਤ ਕੀਤੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਝੂਠ ਅਤੇ ਦੋਹਰੇ ਮਾਪਦੰਡਾਂ ਦਾ ਨਾ ਕੇਵਲ ਪੰਜਾਬ ਅਤੇ ਇਸ ਦੇ ਕਿਸਾਨਾਂ ਅੱਗੇ ਭਾਂਡਾ ਫੁੱਟਿਆ ਹੈ ਸਗੋਂ ਪੂਰੇ ਦੇਸ਼ ਨੂੰ ਇਨਾਂ ਦੀ ਦੋਗਲੀ ਨੀਤੀ ਦਾ ਵੀ ਪਤਾ ਲੱਗ ਗਿਆ ਹੈ। ਉਨਾਂ ਕਿਹਾ ਕਿ ਸੁਖਬੀਰ ਅਜਿਹੀਆਂ ਸ਼ਰਮਨਾਕ ਟਿੱਪਣੀਆਂ ਨਾਲ ਅਕਾਲੀਆਂ ਦੀਆਂ ਨਮੋਸ਼ੀਆਂ ਉਤੇ ਪਰਦਾ ਪਾਉਣਾ ਚਾਹੁੰਦਾ ਹੈ।

 

Have something to say? Post your comment

Subscribe