ਮੋਗਾ, (ਸੱਚੀ ਕਲਮ ਬਿਊਰੋ : ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਸ.ਐਸ.ਪੀ. ਦਫ਼ਤਰ ਦੇ ਬਿਲਕੁਲ ਨੇੜੇ ਜੇਹਲਮ-ਚਨਾਬ ਬਲਾਕ ਦੀ ਪਹਿਲੀ ਮੰਜ਼ਲ 'ਤੇ ਸਥਿਤ ਬੈਂਕ ਆਫ਼ ਇੰਡੀਆਂ ਦੀ ਬ੍ਰਾਂਚ ਵਿਚੋਂ ਚੋਰਾਂ ਵਲੋਂ ਬੈਂਕ ਦੇ ਮੁੱਖ ਗੇਟ ਰਾਹੀ ਦਾਖ਼ਲ ਹੋ ਕੇ ਬੈਂਕ ਦੀ ਸੇਫ਼ ਵਿਚੋਂ 17 ਲੱਖ 65 ਹਜ਼ਾਰ ਰੁਪਏ ਦੀ ਨਕਦੀ ਅਤੇ ਵੱਡੀ ਮਾਤਰਾ ਵਿਚ ਸੋਨਾ ਚੋਰੀ ਕਰ ਕੇ ਲੈ ਗਏ ਤੇ ਚੋਰ ਜਾਂਦੇ ਹੋਏ ਬੈਂਕ ਵਿਚ ਲੱਗੇ ਸੀ.ਸੀ. ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਪੁੱਟ ਕੇ ਨਾਲ ਲੈ ਗਏ। ਅਜੇ ਨਹੀਂ ਪਤਾ ਲੱਗਾ ਕੇ ਘਟਨਾ ਸਨਿਚਰਵਾਰ ਰਾਤ ਜਾਂ ਐਤਵਾਰ ਰਾਤ ਦੀ ਹੈ।
ਸੀ.ਸੀ.ਟੀ.ਵੀ.ਕੈਮਰੇ ਅਤੇ ਡੀ.ਵੀ.ਆਰ.ਵੀ ਲੈ ਗਏ
|
ਮੌਕੇ 'ਤੇ ਜਾਣਕਾਰੀ ਦਿੰਦਿਆ ਐਸ.ਪੀ.ਡੀ. ਹਰਿੰਦਰਪਾਲ ਸਿੰਘ ਪਰਮਾਰ ਨੇ ਦਸਿਆ ਕਿ ਸਵੇਰੇ 9 ਵਜੇ ਕਰੀਬ ਇਸ ਘਟਨਾ ਦੀ ਸੂਚਨਾਂ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਡੀ.ਐਸ.ਪੀ. ਸਿਟੀ ਪਰਮਜੀਤ ਸਿੰਘ, ਡੀ. ਐਸ. ਪੀ. ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਤੇ ਚੋਰੀ ਦੀ ਜਾਂਚ ਪੜਤਾਲ ਸ਼ੁਰੂ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਬੈਂਕ ਵਿਚ ਟੋਟਲ 7 ਅਧਿਕਾਰੀਆਂ ਸਮੇਤ 10 ਦੇ ਕਰੀਬ ਸਟਾਫ਼ ਹੈ ਉਨ੍ਹਾਂ ਤੋਂ ਪੁੱਛਗਿੱਲ ਜਾਰੀ ਹੈ। ਉਨ੍ਹਾਂ ਦਸਿਆ ਕਿ ਚੋਰਾਂ ਵਲੋਂ ਬੈਂਕ ਦੇ ਮੇਨ ਗੇਟ ਰਾਹੀ ਅੰਦਰ ਦਾਖ਼ਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਹੈ। ਜਾਂਚ ਕਰਨ ਤੇ ਪਤਾ ਲੱਗਦਾ ਹੈ ਸੇਫ਼ਟੀ ਲਾਕਰ ਨੂੰ ਤੋੜਿਆ ਨਹੀਂ ਬਲਕਿ ਚਾਬੀਆਂ ਨਾਲ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਢੇ 17 ਲੱਖ ਰੁਪਏ ਅਤੇ ਬੈਂਕ ਅਧਿਕਾਰੀ ਮੁਤਾਬਿਕ ਸਵਾ ਕਰੋੜ ਰੁਪਏ ਦਾ ਸੋਨਾ ਲਾਕਰ ਦੀਆਂ ਦੋ ਟਰੇਆਂ ਵਿਚ ਸੀ ਜਿਸ ਵਿਚੋਂ 1 ਟਰੇ 'ਚ ਪਏ ਸੋਨੇ ਦੀ ਪੂਰਨ ਤੌਰ 'ਤੇ ਸਫ਼ਾਈ ਕਰ ਦਿਤੀ ਗਈ ਹੈ।
ਬੈਂਕ ਵਿਚ ਮੌਜੂਦ ਕਲਰਕ ਨੇ ਦਸਿਆ ਕਿ ਅੱਜ ਸਵੇਰੇ 8.30 ਵਜੇ ਸਫ਼ਾਈ ਕਰਮਚਾਰੀ ਦਾ ਉਸ ਨੂੰ ਫ਼ੋਨ ਗਿਆ ਕਿ ਬੈਂਕ ਦੇ ਗੇਟ ਦੇ ਜਿੰਦਰੇ ਖੁਲ੍ਹੇ ਹਨ। ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦਸਿਆ ਕਿ ਰਾਤ ਸਮੇਂ ਕਿਸੇ ਚੌਂਕੀਦਾਰ ਦੀ ਡਿਊਟੀ ਨਹੀਂ ਹੈ ਸਿਰਫ਼ ਬੈਂਕ ਸਮੇਂ ਹੀ ਸਕਿਊਰਟੀ ਗਾਰਡ ਮੌਜੂਦ ਹੈ।