ਅਨਲਾਕ 5.0 ਤਹਿਤ ਸਿੱਖਿਆ ਮੰਤਰਾਲਾ ਨੇ ਸਕੂਲ ਅਤੇ ਕਾਲਜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਕਮਾਂ ਮੁਤਾਬਕ 15 ਅਕਤੂਬਰ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਕੂਲ, ਕਾਲਜ ਅਤੇ ਐਜੂਕੇਸ਼ਨ ਸੰਸਥਾਵਾਂ ਖੁੱਲ੍ਹ ਸਕਣਗੀਆਂ ਪਰ ਇਸ 'ਤੇ ਆਖਰੀ ਫੈਸਲਾ ਸੂਬਾ ਸਰਕਾਰ ਵਲੋਂ ਲਿਆ ਜਾਵੇਗਾ। ਹੁਕਮਾਂ 'ਚ ਕਿਹਾ ਗਿਆ ਹੈ ਕਿ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਲਈ ਵਿਅਕਤੀਗਤ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸਕੂਲਾਂ ਜਾਂ ਸੰਸਥਾਵਾਂ ਦੇ ਪ੍ਰਬੰਧਨ ਦੇ ਨਾਲ ਸਲਾਹ ਕਰਨ ਤੋਂ ਬਾਅਦ ਫ਼ੈਸਲਾ ਲੈਣਗੀਆਂ। 21 ਸਤੰਬਰ ਤੋਂ ਜਿੱਥੇ ਰਾਜਾਂ ਨੂੰ ਕਲਾਸ 9 ਤੋਂ 12 ਤੱਕ ਦੇ ਸਕੂਲ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ ਅਤੇ ਹੁਣ 15 ਅਕਤੂਬਰ ਤੋਂ ਸਾਰੇ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਹਾਲ ਦੀ ਘੜੀ ਇਹ ਛੋਟ ਕੇਵਲ ਨਾਨ-ਕੰਟੇਨਮੈਂਟ ਜ਼ੋਨ ਵਿਚ ਆਉਣ ਵਾਲੇ ਇਲਾਕਿਆਂ ਲਈ ਦਿੱਤੀ ਗਈ ਹੈ। ਸਕੂਲ ਕਦੋਂ ਤੋਂ ਖੋਲ੍ਹੇ ਜਾਣ, ਉਹ ਤਰੀਕ ਰਾਜ ਸਰਕਾਰਾਂ ਤੈਅ ਕਰਨਗੀਆਂ। ਸਿੱਖਿਆ ਮੰਤਰਾਲਾ ਨੇ ਸਕੂਲ ਅਤੇ ਹਾਇਰ ਐਜੂਕੇਸ਼ਨ ਇੰਸਟੀਚਿਊਟਾਂ ਨੂੰ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸੇ ਦੇ ਆਧਾਰ 'ਤੇ ਸੂਬਿਆਂ ਨੂੰ ਆਪਣੀਆਂ ਗਾਈਡਲਾਈਨਜ਼ ਫ੍ਰੇਮ ਕਰਨੀਆਂ ਹੋਣਗੀਆਂ। ਸਕੂਲ ਖੋਲ੍ਹਣ ਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਵਿਚ ਕੋਵਿਡ ਨਾਲ ਜੁੜੀਆਂ ਸਾਵਧਾਨੀਆਂ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : ਮਾੜੀ ਖ਼ਬਰ : ਸੜਕ ਹਾਦਸੇ 'ਚ ਸਲਾਮੀ ਬੱਲੇਬਾਜ਼ ਦੀ ਮੌਤ
ਰਾਜ ਸਰਕਾਰਾਂ ਸਕੂਲ, ਕੋਚਿੰਗ ਮੈਨੇਜਮੈਂਟ ਨਾਲ ਗੱਲਬਾਤ ਤੋਂ ਬਾਅਦ ਇਨ੍ਹਾਂ ਸ਼ਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਫ਼ੈਸਲਾ ਕਰ ਸਕਦੀਆਂ ਹਨ। ਆਨਲਾਈਨ, ਡਿਸਟੈਂਸ ਲਰਨਿੰਗ ਨੂੰ ਪਹਿਲ ਅਤੇ ਉਤਸ਼ਾਹ ਦਿੱਤਾ ਜਾਵੇਗਾ। ਜੇਕਰ ਵਿਦਿਆਰਥੀ ਆਨਲਾਈਨ ਕਲਾਸ ਅਟੈਂਡ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇ। ਵਿਦਿਆਰਥੀ ਸਿਰਫ਼ ਮਾਪਿਆਂ ਦੀ ਲਿਖਤੀ ਆਗਿਆ ਤੋਂ ਬਾਅਦ ਹੀ ਸਕੂਲ, ਕੋਚਿੰਗ ਆ ਸਕਦੇ ਹਨ। ਉਨ੍ਹਾਂ 'ਤੇ ਅਟੈਂਡੈਂਸ ਦਾ ਕੋਈ ਦਬਾਅ ਨਾ ਪਾਇਆ ਜਾਵੇ। ਸਿਹਤ ਅਤੇ ਸੁਰੱਖਿਆ ਲਈ ਸਿੱਖਿਆ ਵਿਭਾਗ ਦੀ ਐੱਸ. ਓ. ਪੀ. ਦੇ ਆਧਾਰ 'ਤੇ ਰਾਜ ਆਪਣੀਆਂ ਐੱਸ. ਓ. ਪੀ. ਤਿਆਰ ਕਰਨਗੇ। ਜਿਹੜੇ ਵੀ ਸਕੂਲ ਖੁੱਲ੍ਹਣਗੇ, ਉਨ੍ਹਾਂ ਨੂੰ ਜ਼ਰੂਰੀ ਤੌਰ 'ਤੇ ਸੂਬੇ ਦੇ ਸਿੱਖਿਆ ਵਿਭਾਗਾਂ ਦੀ ਐੱਸ. ਪੀ. ਓਜ਼ ਦੀ ਪਾਲਣਾ ਕਰਨੀ ਹੋਵੇਗੀ।
ਆਨਲਾਈਨ, ਡਿਸਟੈਂਸ ਲਰਨਿੰਗ ਨੂੰ ਪਹਿਲ ਅਤੇ ਹੱਲਾਸ਼ੇਰੀ। ਹਾਲ ਦੀ ਘੜੀ ਕੇਵਲ ਰਿਸਰਚ ਸਕਰਲਰਾਂ (ਪੀ. ਐੱਚ. ਡੀ.) ਅਤੇ ਪੀ. ਜੀ. ਦੇ ਉਨ੍ਹਾਂ ਵਿਦਿਆਰਥੀਆਂ, ਜਿਨ੍ਹਾਂ ਨੂੰ ਲੈਬ ਵਿਚ ਕੰਮ ਕਰਨਾ ਪੈਂਦਾ ਹੈ, ਲਈ ਹੀ ਸੰਸਥਾਵਾਂ ਖੁੱਲ੍ਹਣਗੀਆਂ। ਇਸ ਵਿਚ ਵੀ ਕੇਂਦਰ ਤੋਂ ਮਦਦ ਹਾਸਲ ਕਰਨ ਵਾਲੀਆਂ ਸੰਸਥਾਵਾਂ ਵਿਚ, ਉਸ ਦਾ ਹੈੱਡ ਤੈਅ ਕਰੇਗਾ ਕਿ ਲੈਬ ਵਰਕ ਦੀ ਲੋੜ ਹੈ ਜਾਂ ਨਹੀਂ। ਰਾਜਾਂ ਦੀਆਂ ਯੂਨੀਵਰਸਿਟੀਆਂ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਆਪਣੇ ਇਥੋਂ ਦੀਆਂ ਸਥਾਨਕ ਗਾਈਡਲਾਈਨਜ਼ ਦੇ ਹਿਸਾਬ ਨਾਲ ਖੁੱਲ੍ਹ ਸਕਦੀਆਂ ਹਨ।
ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ : ਸਭ ਤੋਂ ਪਹਿਲਾਂ 10ਵੀਂ ਅਤੇ 12ਵੀਂ ਦੀਆਂ ਲੱਗਣਗੀਆਂ ਕਲਾਸਾਂ
-ਇਕ ਕਲਾਸ ਵਿਚ ਸਿਰਫ 12 ਬੱਚੇ ਹੀ ਬੈਠ ਸਕਦੇ ਹਨ।
- ਮਾਪਿਆਂ ਦੀ ਇਜਾਜ਼ਤ 'ਤੇ ਹੀ ਬੁਲਾਏ ਜਾਣਗੇ ਬੱਚੇ
-ਬੱਚਿਆਂ ਨੂੰ ਸਕੂਲ ਲਿਜਾਣ ਅਤੇ ਲਿਆਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ
-ਹਫਤੇ ਵਿਚ 2 ਤੋਂ 3 ਦਿਨ ਹੀ ਬੁਲਾਏ ਜਾਣਗੇ ਹਰ ਕਲਾਸ ਦੇ ਬੱਚੇ
-ਬੱਚਿਆਂ ਲਈ ਮਾਸਕ ਅਤੇ ਸੈਨੇਟਾਈਜ਼ਰ ਜ਼ਰੂਰੀ।