ਸਿਹਤ ਮੰਤਰੀ ਤੇ ਸਰਕਾਰੀ ਬੁਲਾਰੇ ਰਜੀਤ ਸੇਨਾਰਤਨੇ ਨੇ ਵੀ ਕਿਹਾ ਕਿ ਧਮਾਕੇ 'ਚ ਸ਼ਾਮਲ ਸਾਰੇ ਆਤਮਘਾਤੀ ਹਮਲਾਵਰ ਸ਼੍ਰੀਲੰਕਾਈ ਨਾਗਰਿਕ ਲੱਗ ਰਹੇ ਹਨ। ਇਥੇ ਪੱਤਰਕਾਰ ਸੰਮੇਲਨ 'ਚ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਇੰਟੈਲੀਜੈਂਸ ਏਜੰਸੀ ਦੇ ਮੁੱਖੀ ਨੇ 11 ਅਪ੍ਰੈਲ ਤੋਂ ਪਹਿਲਾਂ ਇਨ੍ਹਾਂ ਹਮਲਿਆਂ ਦਾ ਖਦਸ਼ਾ ਪੁਲਸ ਆਈ.ਜੀ.ਪੀ. ਕੋਲ ਜ਼ਾਹਿਰ ਕੀਤਾ ਸੀ। ਸੇਨਾਰਤਨੇ ਨੇ ਕਿਹਾ ਕਿ ਚਾਰ ਅਪ੍ਰੈਲ ਨੂੰ ਅੰਤਰਰਾਸ਼ਟਰੀ ਖੂਫੀਆ ਏਜੰਸੀਆਂ ਨੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਆਈ.ਜੀ.ਪੀ. ਨੂੰ 9 ਅਪ੍ਰੈਲ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕੱਟੜ ਮੁਸਲਿਮ ਸਮੂਹ ਨੈਸ਼ਨਲ ਤੌਹੀਦ ਜਮਾਤ ਨਾਂ ਦੇ ਸਥਾਨਕ ਸੰਗਠਨ ਨੂੰ ਇਨ੍ਹਾਂ ਘਾਤਕ ਧਮਾਕਿਆਂ ਨੂੰ ਅੰਜਾਮ ਦੇਣ ਦੇ ਪਿੱਛੇ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਦੇ ਤਾਰ ਅੰਤਰਰਾਸ਼ਟਰੀ 'ਤੇ ਜੁੜੇ ਹੋਣ।
ਸੇਨਾਰਤਨੇ ਨੇ ਸੁਰੱਖਿਆ 'ਚ ਹੋਈ ਇਸ ਵੱਡੀ ਚੂਕ ਦੇ ਲਈ ਪੁਲਸ ਮੁਖੀ ਪੁਜੀਤ ਜਯਾਸੁੰਦਰਾ ਦਾ ਅਸਤੀਫਾ ਮੰਗਿਆ ਹੈ। ਸਰਕਾਰ ਦੇ ਇਕ ਮੰਤਰੀ ਤੇ ਮੁੱਖ ਮੁਸਲਿਮ ਪਾਰਟੀ ਸ਼੍ਰੀਲੰਕਨ ਮੁਸਲਿਮ ਕਾਂਗਰੇਸ ਦੇ ਨੇਤਾ ਰਾਫ ਹਕੀਮ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਦੇ ਬਾਵਜੂਦ ਵੀ ਕੋਈ ਸੁਰੱਖਿਆਤਮਕ ਕਦਮ ਨਹੀਂ ਚੁੱਕਿਆ ਗਿਆ।