ਜਲੰਧਰ, (ਸੱਚੀ ਕਲਮ ਬਿਊਰੋ) : ਲੋਕ ਸਭਾ ਚੋਣਾਂ ਦੇ ਚਲਦਿਆਂ ਜਲੰਧਰ ਵਿਖੇ ਅੱਜ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਅਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਿੰਦਰ ਸਿੰਘ ਕੇ. ਪੀ. ਵੀ ਮੌਜੂਦ ਹਨ। ਦਸਣਯੋਗ ਹੈ ਕਿ ਜਲੰਧਰ ਹਲਕੇ ਦੇ ਘਾਗ ਆਗੂ ਮਹਿੰਦਰ ਸਿੰਘ ਕੇ ਪੀ ਪਿਛਲੇ ਦਿਨਾਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ। ਇਸ ਪਿਛੇ ਕਾਰਨ ਇਹ ਸੀ ਕਿ ਉਹ ਖ਼ੁਦ ਜਲੰਧਰ ਤੋਂ ਟਿਕਟ ਚਾਹੁੰਦੇ ਸਨ। ਜਦੋਂ ਉਨ੍ਹਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਬਗ਼ਾਵਤ ਦੇ ਮੂਡ 'ਚ ਆ ਗਏ। ਉਨ੍ਹਾਂ ਨੂੰ ਮਨਾਉਣ ਲਈ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਨੂੰ ਭੇਜਿਆ ਗਿਆ ਪਰ ਕੋਈ ਗੱਲ ਨਾ ਬਣੀ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਭ ਤੋਂ ਪਹਿਲਾਂ ਜਲੰਧਰ ਸਥਿਤ ਸ੍ਰੀ ਕੇਪੀ ਦੀ ਰਿਹਾਇਸ਼ਗਾਹ 'ਤੇ ਗਏ ਤੇ ਉੱਥੇ ਕੁੱਝ ਸਮਾਂ ਰਹੇ।
ਸੂਤਰਾਂ ਮੁਤਾਬਕ ਕੈਪਟਨ ਦੇ ਕਹਿਣ 'ਤੇ ਸ੍ਰੀ ਕੇਪੀ ਤੁਰਤ ਮੰਨ ਗਏ ਤੇ ਆਮ ਚੋਣਾਂ ਦੌਰਾਨ ਪਾਰਟੀ ਲਈ ਪ੍ਰਚਾਰ ਕਰਨ ਲਈ ਵੀ ਸਹਿਮਤ ਹੋ ਗਏ। ਫਿਰ ਕੈਪਟਨ ਤੇ ਕੇਪੀ ਦੋਵੇਂ ਵੱਡੇ ਕਾਫ਼ਲੇ ਨਾਲ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਅਪਣੇ ਕਾਗ਼ਜ਼ ਦਾਖ਼ਲ ਕਰਨ ਲਈ ਗਏ। ਸ੍ਰੀ ਸੰਤੋਖ ਸਿੰਘ ਚੌਧਰੀ ਨੇ ਸ੍ਰੀ ਮਹਿੰਦਰ ਸਿੰਘ ਕੇਪੀ ਦੇ ਪੈੱਨ ਨਾਲ ਅਪਣਾ ਨਾਮਜ਼ਦਗੀ ਪਰਚਾ ਦਾਖ਼ਲ ਕੀਤਾ। ਇੰਜ ਉਨ੍ਹਾਂ ਦੁਨੀਆ ਨੂੰ ਵਿਖਾਇਆ ਕਿ ਉਨ੍ਹਾਂ ਵਿਚਾਲੇ ਕਿਤੇ ਕੋਈ ਗ਼ਲਤਫ਼ਹਿਮੀ ਜਾਂ ਗਿਲਾ-ਸ਼ਿਕਵਾ ਨਹੀਂ ਹੈ।। ਅਖ਼ੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇ ਪੀ ਨੂੰ ਮਨਾ ਕੇ ਨਾਲ ਤੋਰ ਹੀ ਲਿਆ ਤੇ ਸੰਤੋਖ ਚੌਧਰੀ ਵਲੋਂ ਨਾਮਜ਼ਦਗੀ ਪਰਚਾ ਭਰਨ ਵੇਲੇ ਉਹ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।