ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਕੈਪਟਨ ਤਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਹੈ ਕਿ ਨਵੇਂ ਕਿਸਾਨੀ ਕਾਨੂੰਨ ਦੇ ਰੂਪ ਵਿੱਚ ਪੰਜਾਬ ਦੀ ਕਿਸਾਨੀ ਨਾਲ ਜੋ ਧੱਕੇਸ਼ਾਹੀ ਦੀ ਵਿਉਂਤ ਵਿੱਢੀ ਗਈ ਹੈ, ਪੂਰਾ ਪੰਜਾਬ ਉਸਦੇ ਖਿਲਾਫ ਇਕਜੁੱਟ ਹੈ ਪਰ ਕੁਝ ਸਿਆਸੀ ਪਾਰਟੀਆਂ ਵੱਲੋਂ ਇਸ ਅਤੀ ਸੰਵੇਦਨਸ਼ੀਲ ਮੁੱਦੇ ਤੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਅਤੇ ਕਿਸਾਨ ਸੰਘਰਸ਼ ਨੂੰ ਢਾਹ ਲਗਾਈ ਜਾ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਕੁਝ ਸਿਆਸੀ ਪਾਰਟੀਆਂ ਜਿਨ੍ਹਾਂ ਦਾ ਆਧਾਰ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ, ਕਿਸਾਨੀ ਮੁੱਦੇ ਤੇ ਵੱਖੋ ਵੱਖ ਪੈਂਤਰੇ ਅਪਣਾ ਕੇ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਜੇਕਰ ਇਨ੍ਹਾਂ ਅਖੌਤੀ ਲੀਡਰਾਂ ਦੇ ਮਨ ਵਿੱਚ ਸੱਚੀ ਕਿਤੇ ਨਾ ਕਿਤੇ ਪੰਜਾਬ ਦੀ ਕਿਸਾਨੀ ਲਈ ਦਰਦ ਹੈ ਤਾਂ ਇਹ ਆਪਣਾ ਵੱਖਰਾ ਅਲਾਪ ਅਲਾਪਣ ਦੀ ਥਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ। ਉਹਨਾਂ ਕਿਹਾ ਕਿ ਕਿਸਾਨਾਂ ਦਾ ਸਾਥ ਦੇਣ ਦੀ ਜਗ੍ਹਾ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਵੱਖਰੀ ਡੁਗਡੁਗੀ ਵਜਾਉਣਾ ਕਈ ਵਾਰ ਇੰਜ ਜਾਪਦਾ ਹੈ ਕਿ ਜਿਵੇਂ ਇਹ ਕਿਸਾਨੀ ਅੰਦੋਲਨ ਨੂੰ ਅੰਦਰੋਂ ਅੰਦਰੀ ਕਮਜ਼ੋਰ ਕਰਨਾ ਚਾਹੁੰਦੇ ਹੋਣ।