ਮੈਨਪੁਰੀ (ਉੱਤਰ ਪ੍ਰਦੇਸ਼), (ਏਜੰਸੀ) : ਮੈਨਪੁਰੀ ਜ਼ਿਲ੍ਹੇ ਦੇ ਕਰਹਲ ਇਲਾਕੇ ਵਿਚ ਲਖਨਊ-ਆਗਰਾ ਐਕਸਪੈੱਸ ਵੇਅ 'ਤੇ ਦਿੱਲੀ ਤੋਂ ਵਾਰਾਣਸੀ ਜਾ ਰਹੀ ਇਕ ਨਿਜੀ ਬੱਸ ਦੇ ਇਕ ਟਰੱਕ ਵਿਚ ਵੱਜਣ ਕਾਰਨ ਉਸ ਵਿਚ ਸਵਾਰ ਘੱਟ ਤੋਂ ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਸੂਤਰਾਂ ਨੇ ਦਸਿਆ ਕਿ 41 ਯਾਤਰੀਆਂ ਨੂੰ ਦਿੱਲੀ ਤੋਂ ਵਾਰਾਣਸੀ ਲੈ ਕੇ ਜਾ ਰਹੀ ਇਕ ਨਿਜੀ ਬੱਸ ਸਨਿਚਰਵਾਰ ਰਾਤ ਕਰੀਬ ਸਾਢੇ 11 ਵਜੇ ਆਗਰਾ-ਲਖਨਊ ਐਕਸਪ੍ਰੈਸ -ਵੇਅ 'ਤੇ ਇਕ ਟਰੱਕ ਨਾਲ ਟਕਰਾ ਗਈ ਅਤੇ ਪਲਟ ਗਈ। ਇਸ ਹਾਦਸੇ ਵਿਚ ਅੱਠ ਸਾਲ ਦੀ ਇਕ ਬੱਚੀ ਸਣੇ ਸੱਤ ਯਾਰਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਹਾਦਸੇ ਵਿਚ 34 ਹੋਰ ਯਾਤਰੀ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚੋਂ ਕਰੀਬ 12 ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਅਧਿਕਾਰੀ ਪ੍ਰਮੋਦ ਕੁਮਾਰ ਪੁਲਿਸ ਇਨਸਪੈਕਟਰ ਅਜੇ ਸ਼ੰਕਰ ਰਾਏ ਮੌਕੇ 'ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰਵਾਇਆ।
ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ 'ਤੇ ਦੁਖ਼ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਜ਼ਖ਼ਮੀਆਂ ਲਈ ਇਲਾਜ਼ ਮੁਹੱਈਆ ਕਰਵਾਉਣ ਲਈ ਕਿਹਾ। ਉਧਰ ਐਸਪੀ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਘਟਨਾ ਸਬੰਧੀ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਆਿ। ਯਾਦਵ ਨੇ ਹਸਪਤਾਲ ਜਾ ਕੇ ਪੀੜਤਾਂ ਦਾ ਹਾਲ ਪੁਛਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਜਮਾਰਗਾਂ ਦੀ ਵਿਵਸਥਾ ਦੀ ਨਿਗਰਾਨੀ ਕਰਨ ਅਤੇ ਯਾਤਰੀਆਂ ਨੂੰ ਸੁਰੱਖਿਆ ਦੇਣ ਲਈ ਵੱਖ ਵੱਖ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।