ਨਵੀਂ ਦਿੱਲੀ, () : ਮੁੰਬਈ ਅਤਿਵਾਦੀ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਵਿਰੁਧ ਵਿਵਾਦਪੂਰਨ ਟਿਪਣੀ ਕਰ ਕੇ ਸਾਧਵੀ ਪ੍ਰਗਿਆ ਨੇ ਰਾਜਨੀਤਿਕ ਸਰਗਰਮੀ ਵਧਾ ਦਿਤੀ ਸੀ। ਹਾਲਾਂਕਿ ਵਿਵਾਦ ਵੱਧਣ 'ਤੇ ਉਨ੍ਹਾਂ ਨੇ ਮਾਫ਼ੀ ਮੰਗ ਲਈ ਸੀ ਪਰ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਨੇ ਇਕ ਹੋਰ ਵਿਵਾਦਪੂਰਨ ਬਿਆਨ ਦੇ ਦਿਤਾ ਹੈ।
ਪ੍ਰਗਿਆ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਦਾ ਢਾਂਚਾ ਡਿੱਗਣ 'ਤੇ ਉਨ੍ਹਾਂ ਨੂੰ ਅਫ਼ਸੋਸ ਨਹੀਂ ਸਗੋਂ ਮਾਣ ਹੋਵੇਗਾ। ਇਸ 'ਤੇ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੂਜਾ ਨੋਟਿਸ ਦੇ ਦਿਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਵੀ. ਐੱਲ. ਕਾਂਤਾ ਰਾਵ ਨੇ ਸਾਰੀਆਂ ਸਿਆਸੀ ਪਾਰਟੀਆਂ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਉਨ੍ਹਾਂ ਚੇਤਾਵਨੀ ਦਿਤੀ ਹੈ ਕਿ ਲਗਾਤਾਰ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ 'ਤੇ ਵੱਡੀ ਕਾਰਵਾਈ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਸਾਧਵੀ ਪ੍ਰਗਿਆ ਨੇ ਸਨਿਚਰਵਾਰ ਨੂੰ ਇਕ ਟੀ. ਵੀ. ਚੈਨਲ 'ਤੇ ਗੱਲਬਾਤ ਕਰਦੇ ਹੋਏ ਬਾਬਰੀ ਮਸਜਿਦ ਨੂੰ ਲੈ ਕੇ ਵਿਵਾਦਪੂਰਨ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ, '' ਰਾਮ ਮੰਦਰ ਜ਼ਰੂਰ ਬਣੇਗਾ। ਇਕ ਸ਼ਾਨਦਾਰ ਮੰਦਰ ਬਣੇਗਾ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਹ ਇਕ ਸਮੇਂ ਸੀਮਾ ਦੱਸ ਸਕਦੀ ਹੈ ਤਾਂ ਉਨ੍ਹਾਂ ਨੇ ਕਿਹਾ, '' ਅਸੀਂ ਮੰਦਰ ਉੱਥੇ ਹੀ ਉਸਾਰਾਂਗੇ। ਆਖਰਕਾਰ ਅਸੀਂ ਢਾਂਚੇ ਨੂੰ ਤਬਾਹ ਕਰਨ ਲਈ ਗਏ ਸੀ।'' ਸਾਧਵੀ ਦੇ ਇਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੀ ਚੋਣ ਕਮਿਸ਼ਨ ਨੇ ਉਸ ਨੂੰ ਦੂਜਾ ਨੋਟਿਸ ਦੇ ਦਿਤਾ ਹੈ।
ਭੋਪਾਲ ਕਲੈਕਟਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸੁਦਾਮ ਖਾੜੇ ਵਲੋਂ ਜਾਰੀ ਇਸ ਨੋਟਿਸ ਵਿਚ ਪ੍ਰਗਿਆ ਨੂੰ ਕਿਹਾ ਗਿਆ ਹੈ, ''ਤੁਸੀਂ ਇਕ ਦਿਨ ਦੇ ਅੰਦਰ ਅਪਣਾ ਸਪੱਸ਼ਟੀਕਰਨ ਦਿਉ ਨਹੀਂ ਤਾਂ ਇਕ ਪੱਖੀ ਕਾਰਵਾਈ ਕੀਤੀ ਜਾਵੇਗੀ।''