ਜਲੰਧਰ : ਪੱਛਮੀ ਅਫਰੀਕਾ ਦੇ ਆਖਰਾ ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੁਸੀਬਤ ਵਿੱਚ ਫਸੇ ਹੋਏ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਇੱਕ ਵੀਡੀਓ ਰਾਹੀਂ ਸੰਦੇਸ਼ ਭੇਜਕੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਵਾਪਸ ਭਾਰਤ ਲਿਆਇਆ ਜਾਵੇ। ਇਸ ਵੀਡੀਓ ਦੇ ਨੋਟਿਸ ਵਿੱਚ ਆਉਂਦਿਆਂ ਹੀ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਨੌਜਵਾਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਵਿਚ ਜਲੰਧਰ ਦੇ ਜਮਸ਼ੇਰ ਖਾਸ ਦੇ ਵਸਨੀਕ ਜਗਤਾਰ ਸਿੰਘ ਉਰਫ ਤਾਰਾ ਨੇ ਦੱਸਿਆ ਕਿ ਲਗਭਗ ਸਵਾ ਸਾਲ ਪਹਿਲਾਂ ਪਿੰਡ ਧੀਨਾ ਦੇ ਟਰੈਵਲ ਏਜੰਟ ਪੀਟਰ ਨੂੰ ਉਨ੍ਹਾਂ ਨੇ ਪੁਰਤਗਾਲ ਜਾਣ ਲਈ 12-12 ਲੱਖ ਰੁਪਏ ਦਿੱਤੇ ਸਨ।
ਇਹ ਵੀ ਪੜ੍ਹੋ : ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ, ਪੀੜਤ ਨੇ ਏਮਜ਼ 'ਚ ਤੋੜਿਆ ਦਮ
ਪੀਟਰ ਨੇ ਕਿਹਾ ਸੀ ਕਿ ਉਹ ਪਹਿਲਾਂ ਉਨ੍ਹਾਂ ਨੂੰ ਆਖਰਾ ਭੇਜੇਗਾ, ਜਿੱਥੋਂ ਉਨ੍ਹਾਂ ਨੂੰ ਅੱਗੇ ਪੁਰਤਗਲ ਭੇਜਿਆ ਜਾਵੇਗਾ ਪਰ ਉਹ ਆਖਰਾ ਵਿੱਚ ਹੀ ਫਸ ਗਏ। ਹੁਣ ਉਨ੍ਹਾਂ ਕੋਲ ਪੈਸਾ ਵੀ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਆਖਰਾ ਵਿੱਚ ਮਕਾਨ ਮਾਲਕਾਂ ਨੇ ਜ਼ਬਤ ਕਰ ਲਏ ਹਨ। ਨੌਜਵਾਨਾਂ ਨੇ ਦੱਸਿਆ ਕਿ ਹੁਣ ਮਕਾਨ ਮਾਲਕਾਂ ਨੇ ਉਨ੍ਹਾਂ ਨੂੰ 15 ਦਿਨਾਂ ਦੇਕੇ 300 ਡਾਲਰ ਦਾ ਕਿਰਾਇਆ ਦੇਣ ਲਈ ਕਿਹਾ ਹੈ, ਨਹੀਂ ਤਾਂ ਉਹ ਉਨ੍ਹਾਂ ਨੂੰ ਪੁਲੀਸ ਹਵਾਲੇ ਕਰ ਦੇਣਗੇ। ਵੀਡੀਓ ਜਾਰੀ ਕਰਦਿਆਂ ਦੁਖੀ ਨੌਜਵਾਨਾਂ ਨੇ ਸੰਸਦ ਮੈਂਬਰ ਭਗਵੰਤ ਮਾਨ, ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਵਿਦੇਸ਼ੀ ਸੰਕਟ ਵਿੱਚ ਘਿਰੇ ਖੇਤਰ ਦੇ ਨੌਜਵਾਨਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਮੁਸ਼ਕਲ 'ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।