ਤਿਰੂਚਿੱਲਾਪੱਲੀ (ਤਾਮਿਲਨਾਡੂ), (ਏਜੰਸੀ) : ਤਾਮਿਲਨਾਡੂ ਦੇ ਇਕ ਮੰਦਰ ਵਿਚ ਭਾਜੜ ਮਚਣ ਕਾਰਨ ਸੱਤ ਸ਼ਰਧਾਲੂਆਂ ਦੀ ਮੌਤ ਹੋਣ ਅਤੇ ਕਈ ਹੋਰ ਗ਼ੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਭਾਜੜ ਦੀ ਇਹ ਘਟਨਾ ਤਿਰੂਚਿੱਲਾਪੱਲੀ ਤੋਂ 45 ਕਿਲੋਮੀਟਰ ਦੂਰ ਥੁਰਅਯੂਰ ਵਿਚ ਪੈਂਦੇ ਮੁਥਿਯਮਪਲਯਮ ਪਿੰਡ ਵਿਚ ਵਾਪਰੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਸਾਰੇ ਸ਼ਰਧਾਲੂ ਸਾਲਾਨਾ ਸਮਾਗਮ ਲਈ ਮੰਦਰ ਵਿਚ ਇਕੱਠੇ ਹੋਏ ਸਨ ਅਤੇ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਵਿਚਾਲੇ ਸਿੱਕੇ ਵੰਡੇ ਜਾਂਦੇ ਹਨ। ਮੰਦਰ ਦੇ ਪੁਜਾਰੀ ਨੇ ਜਦ ਸਿੱਕੇ ਵੰਡਣੇ ਸ਼ੁਰੂ ਕੀਤੇ ਤਾਂ ਸ਼ਰਧਾਲੂਆਂ ਵਿਚਾਲੇ ਸਿੱਕੇ ਹਾਸਲ ਕਰਨ ਲਈ ਭਾਜੜ ਪੈ ਗਈ ਜਿਸ ਕਾਰਨ ਇਹ ਘਟਨਾ ਵਾਪਰੀ। ਇਸ ਘਟਨਾ ਵਿਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਚਾਰ ਔਰਤਾਂ ਵੀ ਹਨ ਜਦਕਿ ਜ਼ਖ਼ਮੀ ਹੋਏ 10 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੰਦਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਉਥੇ ਕੋਈ ਸੁਰੱਖਿਆ ਮੁਲਾਜ਼ਮ ਮੌਜੂਦ ਸੀ।