ਵਾਸ਼ਿੰਗਟਨ : ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਟੀਕੇ ਦੇ ਸਾਲ ਦੇ ਅੰਤ ਤਕ ਆਉਣ ਦੀ ਉਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸੇ ਵੀ ਵਾਇਰਸ ਦੇ ਟੀਕੇ ਨੂੰ ਵਿਕਸਿਤ ਕਰਣ ਵਿਚ ਲੱਗਾ ਸਭ ਤੋਂ ਘੱਟ ਸਮਾਂ ਹੋਵੇਗਾ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੇਲੀ ਮੇਕਨੈਨੀ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ, 'ਅਸੀਂ ਉਮੀਦ ਕਰ ਰਹੇ ਹਾਂ ਕਿ ਟੀਕਾ ਸਾਲ ਦੇ ਅੰਤ ਤਕ ਆ ਜਾਵੇਗਾ । ਇਹ ਸਾਡਾ ਹਮੇਸ਼ਾ ਤੋਂ ਟੀਚਾ ਰਿਹਾ ਹੈ ਅਤੇ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।'
ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਪੱਧਰ 'ਤੇ ਨਿਰਮਾਣ ਦੇ ਸਬੰਧ ਵਿਚ ਜੋ ਕੀਤਾ ਹੈ, ਉਹ ਬੇਹੱਦ ਮਹੱਤਵਪੂਰਣ ਹੈ। ਮੇਕਨੈਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਟੀਕਿਆਂ ਦੇ ਨਿਰਮਾਣ ਦੀ ਸਮਰੱਥਾ ਵਧਾਉਣ ਦੀ ਤਿਆਰੀ ਕਰ ਲਈ ਹੈ। ਉਹ ਇਕ ਉਦਯੋਗਪਤੀ ਹਨ, ਇਸ ਲਈ ਉਹ ਰੀਕਾਰਡ ਸਮੇਂ ਵਿਚ ਟੀਕਿਆਂ ਨੂੰ ਲਿਆਉਣ ਅਤੇ ਉਸ ਨੂੰ ਵੰਡਣ ਦੇ ਬਾਰੇ ਵਿਚ ਸੋਚਦੇ ਹਨ। ਉਨ੍ਹਾਂ ਕਿਹਾ, 'ਅਜਿਹਾ ਕਰਨ ਲਈ, ਆਮ ਤੌਰ 'ਤੇ ਵਪਾਰਕ ਪੱਧਰ ਦੇ ਉਤਪਾਦਨ ਵਿਚ ਕਈ ਸਾਲਾਂ ਦਾ ਸਮਾਂ ਲਗਦਾ ਹੈ, ਪਰ ਰਾਸ਼ਟਰਪਤੀ ਨੇ ਕੁੱਝ ਮਹੀਨਿਆਂ ਵਿਚ ਹੀ ਇਹ ਕਰ ਵਿਖਾਇਆ। ਜੇਕਰ ਇਹ ਟੀਕਾ ਸਾਲ ਦੇ ਅੰਤ ਤਕ ਆ ਗਿਆ ਤਾਂ, ਹੁਣ ਤਕ ਦੇ ਇਤਿਹਾਸ ਵਿਚ ਕਿਸੇ ਵਾਇਰਸ ਦੇ ਟੀਕੇ ਨੂੰ ਬਨਣ ਵਿਚ ਲੱਗਾ ਇਹ ਸਭ ਤੋਂ ਘੱਟ ਸਮਾਂ ਹੋਵੇਗਾ।