ਪਟਿਆਲਾ : ਪੰਜਾਬੀ ਸੰਗੀਤ ਜਗਤ ਦੀ ਮੰਨੀ ਪ੍ਰਮੰਨੀ ਗਾਇਕਾ ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਇੰਦਰਪਾਲ ਸਿੰਘ ਦੀ ਉਮਰ ਲਗਭਗ 65 ਸਾਲ ਸੀ। ਖ਼ਬਰਾਂ ਦੀ ਮੰਨੀਏ ਤਾਂ ਮਿਸ ਪੂਜਾ ਦੇ ਪਿਤਾ ਜੀ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਵ. ਇੰਦਰਪਾਲ ਸਿੰਘ ਦੇ ਦਿਹਾਂਤ ਤੇ ਇਲਾਕੇ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਪੰਜਾਬੀ ਮਾਂ-ਬੋਲੀ ਨਾਲ ਜੁੜੇ ਉੱਘੇ ਕਲਾਕਾਰਾਂ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਗਾਇਕਾ ਮਿਸ ਪੂਜਾ ਨੂੰ ਪੰਜਾਬੀ ਸੰਗੀਤ ਜਗਤ ਵਿਚ ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਆਏ। ਮਿਸ ਪੂਜਾ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਆਪਣੇ ਪਿਤਾ ਤੋਂ ਹੀ ਹਾਸਲ ਕੀਤੀ। ਦੱਸਣਯੋਗ ਹੈ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ 'ਚ ਹੋਇਆ। ਉਨ੍ਹਾਂ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ, ਜਿਹੜਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਹੀ ਰੱਖਿਆ ਸੀ। ਗਾਉਣ ਦਾ ਸ਼ੌਂਕ ਮਿਸ ਪੂਜਾ ਨੂੰ ਬਚਪਨ ਤੋਂ ਹੀ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਸੀ। ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੇ ਸੀ ਤਾਂ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਸਟੇਜ਼ ਪਰਫਾਰਮੈਂਸ ਸਭ ਤੋਂ ਵਧੀਆ ਹੈ। ਮਿਸ ਪੂਜਾ ਨੇ ਮਿਊਜ਼ਿਕ 'ਚ ਹੀ ਬੈਚਲਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ 'ਚ ਅਤੇ ਬੀ-ਐੱਡ ਦੀ ਪੜ੍ਹਾਈ ਵੀ ਮਿਊਜ਼ਿਕ 'ਚ ਕੀਤੀ ਹੈ। ਸੰਗੀਤ ਜਗਤ 'ਚ ਪੂਜਾ ਨੂੰ ਲਿਆਉਣ ਵਾਲੇ ਉਨ੍ਹਾਂ ਦੇ ਪਿਤਾ ਹਨ, ਇਸ ਲਈ ਉਹ ਹਮੇਸ਼ਾ ਕਹਿੰਦੇ ਹਨ ਕਿ ਅੱਜ ਜਿਸ ਮੁਕਾਮ 'ਤੇ ਉਹ ਹੈ ਉਸ ਦਾ ਸਾਰਾ ਸੇਹਰਾ ਉਸ ਦੇ ਪਿਤਾ ਦੇ ਸਿਰ ਬੱਝਦਾ ਹੈ।