Saturday, November 23, 2024
 

ਚੰਡੀਗੜ੍ਹ / ਮੋਹਾਲੀ

ਅਕਾਲੀ ਤੇ 'ਆਪ' ਵਾਲੇ ਝੂਠ ਬੋਲਣਾ ਬੰਦ ਕਰਨ : ਕੈਪਟਨ

September 19, 2020 09:36 PM

ਕਾਂਗਰਸ ਦੇ ਮੈਨੀਫ਼ੈਸਟੋ ਦੇ ਚੋਣਵੇਂ ਹਿੱਸੇ ਨੂੰ ਚੁਣਨ ਲਈ ਅਕਾਲੀਆਂ ਦੀ ਆਲੋਚਨਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਕਾਲੀਆਂ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਚੋਣਵੇਂ ਹਿੱਸੇ ਨੂੰ ਲੈ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਝੂਠ ਮਾਰਨ ਤੋਂ ਬਾਜ਼ ਆਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਨੀਫ਼ੈਸਟੋ ਦਾ ਕਿਸਾਨ ਵਿਰੋਧੀ ਕਦਮਾਂ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ ਅਤੇ ਇਨ੍ਹਾਂ ਕਦਮਾਂ ਨੂੰ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਪਣੇ ਅਮੀਰ ਕਾਰਪੋਰੇਟ ਮਿੱਤਰਾਂ ਦੇ ਹਿੱਤ ਪਾਲਣ ਲਈ ਗ਼ਰੀਬ ਕਿਸਾਨਾਂ 'ਤੇ ਜਬਰੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੁੱਦੇ 'ਤੇ ਕਾਂਗਰਸ ਵਿਰੁਧ ਬੇਬੁਨਿਆਦ ਅਤੇ ਝੂਠੇ ਦੋਸ਼ ਲਾਉਣ 'ਤੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਮੂਹਰੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਲਹਿਰਾਉਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਸਬੰਧਤ ਹਿੱਸਿਆਂ ਨੂੰ ਪੜ੍ਹਣ ਦਾ ਯਤਨ ਕਰਨਾ ਚਾਹੀਦਾ ਹੈ। ਲੋਕ ਸਭਾ ਦੇ ਨਾਲ-ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਕਿਧਰੇ ਵੀ ਅਜਿਹੀਆਂ ਤਬਦੀਲੀਆਂ ਲਿਆਉਣ ਦੀ ਗੱਲ ਨਹੀਂ ਕੀਤੀ ਜਿਹੋ ਜਿਹੀਆਂ ਤਬਦੀਲੀਆਂ ਕੇਂਦਰ ਸਰਕਾਰ ਮਾੜੇ ਇਰਾਦਿਆਂ ਵਾਲੇ ਬਿਲਾਂ ਰਾਹੀਂ ਮੁਲਕ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਕਾਂਗਰਸ ਪਾਰਟੀ ਦੇ ਮੈਨੀਫ਼ੈਸਟੋ ਵਿਚ ਤਾਂ ਏ.ਪੀ.ਐਮ.ਸੀ. ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਸਪੱਸ਼ਟ ਰੂਪ ਨਾਲ ਕਹੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਹੋਰ ਵਧੇਰੇ ਫ਼ਾਇਦਾ ਮਿਲ ਸਕੇ।
ਸੂਬਾ ਕਾਂਗਰਸ ਦੇ ਸਾਲ-2017 ਦੇ ਮੈਨੀਫ਼ੈਸਟੋ ਵਿਚ ਇਹ ਦਰਜ ਹੈ ਕਿ ਏ.ਪੀ.ਐਮ.ਸੀ. ਐਕਟ ਨੂੰ ਘੱਟੋ-ਘੱਟ ਸਮਰਥਣ ਮੁੱਲ ਦੀ ਮੌਜੂਦਾ ਪ੍ਰਣਾਲੀ ਨਾਲ ਛੇੜਛਾੜ ਕੀਤੇ ਬਿਨਾਂ ਨਵਿਆਇਆ ਜਾਵੇਗਾ ਤਾਂ ਕਿ ਡਿਜੀਟਲ ਤਕਨਾਲੌਜੀ ਰਾਹੀਂ ਕੌਮੀ ਅਤੇ ਕੌਮਾਂਤਰੀ ਮੰਡੀ ਵਿਚ ਕਿਸਾਨਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਈ ਜਾ ਸਕੇ ਜਦਕਿ ਲੋਕ ਸਭਾ ਦੇ ਮੈਨੀਫ਼ੈਸਟੋ ਵਿਚ ਤਾਂ ਇਸ ਤੋਂ ਇਕ ਕਦਮ ਹੋਰ ਅੱਗੇ ਜਾਂਦਿਆਂ ਮੌਜੂਦਾ ਐਕਟ ਨੂੰ ਮਨਸੂਖ ਕਰ ਕੇ ਮੰਡੀਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨਵੀਂ ਵਿਵਸਥਾ ਲਿਆਉਣ ਦੀ ਗੱਲ ਕੀਤੀ ਗਈ ਜਿਸ ਤਹਿਤ ਹਜ਼ਾਰਾਂ ਕਿਸਾਨ ਮੰਡੀਆਂ ਦੀ ਸਥਾਪਨਾ ਹੋਵੇਗੀ ਜਿਸ ਨਾਲ 2-3 ਕਿਲੋਮੀਟਰ ਦੇ ਦਾਇਰੇ ਵਿਚ ਕਿਸਾਨ ਸੌਖਿਆਂ ਹੀ ਪਹੁੰਚ ਕਰ ਸਕੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਮੂਰਖ ਜਾਂ ਝੂਠੇ ਲੋਕ ਹੀ ਇਸ ਤਰ੍ਹਾਂ ਦੀ ਵਿਆਖਿਆ ਕਰ ਸਕਦੇ ਹਨ ਕਿ ਕਾਂਗਰਸ ਨੇ ਏ.ਪੀ.ਐਮ.ਸੀ. ਐਕਟ ਨੂੰ ਖਤਮ ਕਰਨਾ ਸੀ।''
   ਇਸ ਮੁੱਦੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਕੋਝੇ ਯਤਨ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਏ.ਪੀ.ਐਮ.ਸੀ. ਨੂੰ ਕੰਟ੍ਰੈਕਟ ਫ਼ਾਰਮਿੰਗ ਅਤੇ ਨਿੱਜੀ ਖ਼ਰੀਦ ਨਾਲ ਬਦਲਣ ਦੀ ਗੱਲ ਕਦੋਂ ਅਤੇ ਕਿਥੇ ਕੀਤੀ ਸੀ।  

 

Have something to say? Post your comment

Subscribe