ਵਲਟੋਹਾ, (ਬੱਚੀ ਕਲਮ ਬਿਊਰੋ) : 22 ਸਾਲ ਨੌਜਵਾਨ ਦਾ ਪ੍ਰੇਮ ਸਬੰਧਾਂ ਕਾਰਨ ਕਤਲ ਹੋ ਗਿਆ। ਮ੍ਰਿਤਕ ਨੌਜਵਾਨ ਦੇ ਮਾਮਾ ਨਿਸ਼ਾਨ ਸਿੰਘ ਨੇ ਦਸਿਆ ਕਿ ਉਸ ਦਾ ਭਣੇਵਾਂ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨੂਰਵਾਲਾ ਥਾਣਾ ਖੇਮਕਰਨ ਬੀਤੀ ਰਾਤ ਕਸਬਾ ਵਲਟੋਹਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਲੜਕੀ ਨੂੰ ਮਿਲਣ ਆਇਆ ਸੀ, ਜਿਸ ਦਾ ਲੜਕੀ ਦੇ ਪਰਵਾਰ ਨੂੰ ਪਤਾ ਚੱਲ ਗਿਆ। ਉਹ ਮਲਕੀਤ ਸਿੰਘ ਨੂੰ ਜਬਰਦਸਤੀ ਅਪਣੇ ਘਰ ਲੈ ਗਏ ਜਿਥੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿਤਾ। ਇਸ ਸਬੰਧੀ ਕਸਬੇ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਥਾਣਾ ਵਲਟੋਹਾ ਵਿਖੇ ਇਤਲਾਹ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਅਪਣੇ ਕਬਜ਼ੇ 'ਚ ਲੈ ਲਿਆ ਹੈ।
ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਮਾਮੇ ਨਿਸ਼ਾਨ ਸਿੰਘ ਦੇ ਬਿਆਨ 'ਤੇ ਲੜਕੀ ਦੇ ਪਿਤਾ ਜਰਨੈਲ ਸਿੰਘ ਪੁੱਤਰ ਮੁਖਤਿਆਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਲੜਕੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ।