ਕੋਲੰਬੋ, (ਏਜੰਸੀ) : ਸ੍ਰੀਲੰਕਾ ਵਿਚ ਤਿੰਨ ਗਿਰਜਾਘਰਾਂ ਅਤੇ ਤਿੰਨ ਹੋਟਲਾਂ ਵਿਚ ਹੋਏ ਇਕ ਮਗਰੋਂ ਇਕ ਧਮਾਕਿਆਂ ਵਿਚ ਲਗਭਗ 207 ਲੋਕ ਮਾਰੇ ਗਏ ਅਤੇ 450 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਦੇਸ਼ ਵਿਚ ਇਹ ਹੁਣ ਤਕ ਦੇ ਸੱਭ ਤੋਂ ਭਿਆਨਕ ਧਮਾਕੇ ਹਨ।
ਗਿਰਜਾਘਰਾਂ ਅਤੇ ਹੋਟਲਾਂ ਨੂੰ ਬਣਾਇਆ ਨਿਸ਼ਾਨਾ
|
ਮ੍ਰਿਤਕਾਂ ਵਿਚ ਕਰੀਬ ਨੌਂ ਵਿਦੇਸ਼ੀ ਸ਼ਾਮਲ ਹਨ। ਈਸਟਰ ਤਿਉਹਾਰ ਮੌਕੇ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੌਰਾਨ ਗਿਰਜਾਘਰਾਂ ਵਿਚ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ।
ਪੁਲਿਸ ਅਧਿਕਾਰੀ ਰੂਵਨ ਗੁਨਾਸੇਖਰਾ ਨੇ ਦਸਿਆ ਕਿ ਹਮਲੇ ਸਥਾਨਕ ਸਮੇਂ ਮੁਤਾਬਕ ਪੌਣੇ ਨੌਂ ਵਜੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੀ ਸੇਂਟ ਐਂਥਨੀ ਚਰਚ, ਪਛਮੀ ਤੱਟੀ ਸ਼ਹਿਰ ਨੇਗੇਂਬੋ ਦੀ ਸੇਂਟ ਸੇਬੇਸਿਟਯਨ ਚਰਚ ਅਤੇ ਬਟਿਕਲੋਵਾ ਦੀ ਚਰਚ ਵਿਚ ਹੋਏ। ਤਿੰਨ ਧਮਾਕੇ ਪੰਜ ਸਿਤਾਰਾ ਹੋਟਲਾਂ-ਸ਼ੰਗਰੀਲਾ, ਦ ਸਿਨਾਮੋਨ ਗਰਾਊਂਡ ਅਤੇ ਦ ਕਿੰਗਜ਼ਬਰੀ ਵਿਚ ਹੋਏ। ਹੋਟਲ ਵਿਚ ਹੋਏ ਵਿਸਫੋਟ ਵਿਚ ਜ਼ਖ਼ਮੀ ਵਿਦੇਸ਼ੀ ਅਤੇ ਸਥਾਨਕ ਲੋਕਾਂ ਨੂੰ ਕੋਲੰਬੋ ਦੇ ਜਨਰਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਸ੍ਰੀਲੰਕਾ ਦੇ ਆਰਥਕ ਸੁਧਾਰ ਅਤੇ ਜਨਤਕ ਵੰਡ ਮੰਤਰੀ ਹਰਸ਼ਾ ਡੀ ਸੇਲਵਾ ਨੇ ਦਸਿਆ ਕਿ ਧਮਾਕਿਆਂ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।
ਹਸਪਤਾਲ ਦੇ ਸੂਤਰਾਂ ਮੁਤਾਬਕ ਕੋਲੰਬੋ ਵਿਚ 45, ਨੇਗੇਂਬੋ ਵਿਚ 90 ਅਤੇ ਬਟਿਕਲੋਵਾ ਵਿਚ 27 ਲੋਕਾਂ ਦੀ ਮੌਤ ਹੋਈ ਹੈ। ਕੋਲੰਬੋ ਨੈਸ਼ਨਲ ਹਸਪਤਾਲ ਵਿਚ 45 ਲਾਸ਼ਾਂ ਵਿਚੋਂ ਨੌਂ ਦੀ ਪਛਾਣ ਵਿਦੇਸ਼ੀ ਨਾਗਰਿਕਾਂ ਵਜੋਂ ਹੋਈ ਹੈ। ਇਨ੍ਹਾਂ ਵਿਚ ਕੁੱਝ ਅਮਰੀਕੀ ਅਤੇ ਬ੍ਰਿਟਿਸ਼ ਹਨ। ਕੋਲੰਬੋ ਨੈਸ਼ਨਲ ਹਸਪਤਾਲ ਦੇ ਬੁਲਾਰੇ ਡਾ. ਸਮਿੰਦੀ ਸਮਰਾਕੂਨ ਨੇ ਦਸਿਆ ਕਿ 300 ਤੋਂ ਵੱਧ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਬਟਿਕਲੋਵਾ ਹਸਪਤਾਲ ਦੇ ਬੁਲਾਰੇ ਡਾ. ਕਲਾਨਿਧੀ ਗਣੇਸ਼ਾਲਿੰਘਮ ਨੇ ਦਸਿਆ ਕਿ ਸੇਂਟ ਮਾਈਕਲ ਚਰਚ ਦੇ 100 ਤੋਂ ਵੱਧ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਹਮਲੇ ਦੀ ਜ਼ਿੰਮੇਵਾਰੀ ਹਾਲੇ ਤਕ ਕਿਸੇ ਜਥੇਬੰਦੀ ਨੇ ਨਹੀਂ ਲਈ। ਸ੍ਰੀਲੰਕਾ ਵਿਚ ਪਿਛਲੇ ਸਮਿਆਂ ਵਿਚ ਐਲਟੀਟੀਈ ਯਾਨੀ ਲਿੱਟੇ ਨੇ ਕਈ ਹਮਲੇ ਕੀਤੇ ਹਨ ਹਾਲਾਂਕਿ 2009 ਵਿਚ ਲਿੱਟੇ ਦਾ ਖ਼ਾਤਮਾ ਹੋ ਗਿਆ ਸੀ।
ਅੱਠ ਧਮਾਕਿਆਂ ਵਿਚੋਂ ਦੋ ਆਤਮਘਾਤੀ, ਸੱਤ ਸ਼ੱਕੀ ਕਾਬੂ
ਕੁਲ ਅੱਠ ਧਮਾਕੇ ਹੋਏ ਜਿਨ੍ਹਾਂ ਵਿਚੋਂ ਘੱਟੋ-ਘੱਟ ਦੋ ਆਤਮਘਾਤੀ ਬੰਬ ਧਮਾਕੇ ਸਨ। ਇਕ ਧਮਾਕਾ ਈਸਟਰ ਪ੍ਰਾਰਥਨਾ ਸਭਾ ਦੌਰਾਨ ਜਦਕਿ ਬਾਕੀ ਸਭਾ ਮਗਰੋਂ ਹੋਏ। ਸਿਨਾਮੋਨ ਗਰਾਊਂਡ ਹੋਟਲ ਦੇ ਰੇਸਤਰਾਂ ਵਿਚ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਕੇ ਖ਼ੁਦ ਨੂੰ ਉਡਾ ਲਿਆ। ਹਮਲਿਆਂ ਵਿਚ ਦੋ ਚੀਨੀ ਨਾਗਰਿਕਾਂ ਸਮੇਤ ਘੱਟੋ ਘੱਟ 11 ਵਿਦੇਸ਼ੀ ਵੀ ਮਾਰੇ ਗਏ ਹਨ। ਜ਼ਖ਼ਮੀ ਲੋਕਾਂ ਵਿਚ ਭਾਰਤ, ਪਾਕਿਸਤਾਨ, ਅਮਰੀਕਾ, ਰੂਸ ਅਤੇ ਬੰਗਲਾਦੇਸ਼ ਦੇ ਨਾਗਰਿਕ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦਸ ਦਿਨ ਪਹਿਲਾਂ ਪੁਲਿਸ ਮੁਖੀ ਨੇ ਦਿਤੀ ਸੀ ਚੇਤਾਵਨੀ
ਮੁਸਲਿਮ ਜਥੇਬੰਦੀ ਐਨਟੀਜੇ 'ਤੇ ਸ਼ੱਕ
ਸ੍ਰੀਲੰਕਾ ਵਿਚ ਹੋਏ ਧਮਾਕਿਆਂ ਤੋਂ 10 ਦਿਨ ਪਹਿਲਾਂ ਦੇਸ਼ ਦੇ ਪੁਲਿਸ ਮੁਖੀ ਨੇ ਚੇਤਾਵਨੀ ਜਾਰੀ ਕਰ ਕੇ ਕਿਹਾ ਸੀ ਕਿ ਆਤਮਘਾਤੀ ਹਮਲਾਵਰ ਅਹਿਮ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪੁਲਿਸ ਮੁਖੀ ਪੀ ਜਯਸੁੰਦਰਾ ਨੇ 11 ਅਪ੍ਰੈਲ ਨੂੰ ਗੁਪਤਰ ਚੇਤਾਵਨੀ ਸਿਖਰਲੇ ਅਧਿਕਾਰੀਆਂ ਨੂੰ ਭੇਜੀ ਸੀ।
ਕਿਹਾ ਗਿਆ ਸੀ ਕਿ ਵਿਦੇਸ਼ੀ ਖ਼ੁਫ਼ੀਆ ਏਜਸੀ ਨੇ ਜਾਣਕਾਰੀ ਦਿਤੀ ਹੈ ਕਿ ਐਨਟੀਜੇ ਯਾਨੀ ਨੈਸ਼ਨਲ ਤੋਹਿਦ ਜਮਾਤ ਅਹਿਮ ਗਿਰਜਾਘਰਾਂ ਅਤੇ ਕੋਲੰਬੋ ਵਿਚ ਭਾਰਤੀ ਸਫ਼ਾਰਤਖ਼ਾਨੇ 'ਤੇ ਫ਼ਿਦਾਈਨ ਹਮਲੇ ਦੀ ਯੋਜਨਾ ਬਣਾ ਰਹੀ ਹੈ। ਐਨਟੀਜੇ ਸ੍ਰੀਲੰਕਾ ਦੀ ਕੱਟੜਵਾਦੀ ਮੁਸਲਿਮ ਜਥੇਬੰਦੀ ਹੈ। ਪਿਛਲੇ ਸਾਲ ਬੁੱਧ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਣ ਵਿਚ ਇਸ ਜਥੇਬੰਦੀ ਦਾ ਨਾਮ ਸਾਹਮਣੇ ਆਇਆ ਸੀ।
ਕਰਫ਼ੀਊ ਲੱਗਾ, ਸਕੂਲ ਬੰਦ
ਪੁਲਿਸ ਨੇ ਦਸਿਆ ਕਿ ਪੁਲਿਸ ਦੀ ਟੀਮ ਓਰੂਗੋਦਾਵਟਾ ਇਲਾਕੇ ਦੇ ਘਰ ਵਿਚ ਜਦ ਜਾਂਚ ਲਈ ਗਈ ਤਾਂ ਉਥੇ ਮੌਜੂਦ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ ਜਿਸ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਕੁਲ ਅੱਠ ਧਮਾਕੇ ਹੋਏ ਹਨ। ਅਠਵੇਂ ਧਮਾਕੇ ਮਗਰੋਂ ਸਰਕਾਰ ਨੇ ਫ਼ੌਰੀ ਤੌਰ 'ਤੇ ਕਰਫ਼ੀਊ ਲਾ ਦਿਤਾ। ਇਹ ਕਰਫ਼ੀਊ ਅਗਲੇ ਨੋਟਿਸ ਤਕ ਜਾਰੀ ਰਹੇਗਾ। ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿਤੇ ਗਏ ਹਨ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਨੂੰ ਫ਼ਿਲਹਾਲ ਬੰਦ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ।