ਵਾਸ਼ਿੰਗਟਨ : ਚੀਨ ਦੇ ਖ਼ਿਲਾਫ਼ ਕਾਰਵਾਈ ਵਿਚ ਅਮਰੀਕਾ ਨੇ ਇੱਕ ਹੋਰ ਕਦਮ ਚੁੱਕਿਆ ਹੈ। ਜਬਰੀ ਮਜ਼ਦੂਰੀ ਦਾ ਹਵਾਲਾ ਦਿੰਦੇ ਹੋਏ ਹੁਣ ਉਥੋਂ ਆਉਣ ਵਾਲੇ ਕਾਟਨ, ਹੇਅਰ ਪ੍ਰੋਡਕਟ, ਕੰਪਿਊਟਰ ਅਤੇ ਕੁਝ ਟੈਕਸਟਾਈਲ ਨੂੰ ਬੈਨ ਕਰ ਦਿੱਤਾ ਗਿਆ ਹੈ। ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਰਹਿਣ ਵਾਲੇ ਉਈਗਰ ਭਾਈਚਾਰੇ ਦੇ ਲੋਕਾਂ ਕੋਲੋਂ ਜਬਰੀ ਮਜ਼ਦੂਰੀ ਕਰਵਾ ਕੇ ਬਣ ਰਹੇ ਪ੍ਰੋਡਕਟ 'ਤੇ ਅਮਰੀਕਾ ਵਲੋਂ ਇਹ ਰੋਕ ਲਗਾਈ ਗਈ ਹੈ। ਇਸ ਪਾਬੰਦੀ ਦੇ ਫ਼ੈਸਲੇ 'ਤੇ ਅਮਰੀਕਾ ਨੇ ਦੱਸਿਆ ਕਿ ਚੀਨ ਦੀ ਸਰਕਾਰ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰ ਭਾਈਚਾਰੇ ਦਾ ਮਨੁੱਖੀ ਅਧਿਕਾਰ ਘਾਣ ਕਰ ਰਹੀ ਹੈ, ਇਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ ਇੱਥੇ ਤਿਆਰ ਕੀਤੇ ਗਏ ਪ੍ਰੋਡਕਟ ਉਤਪਾਦਾਂ ਨੂੰ ਲੈ ਕੇ ਇਹ ਫ਼ੈਸਲਾ ਲਿਆ ਗਿਆ ਹੈ।
ਉਈਗਰ ਮੁਸਲਮਾਨਾਂ ਨੂੰ ਡਿਟੈਂਸ਼ਨ ਕੈਂਪ ਵਿਚ ਭੇਜਣ, ਉਨ੍ਹਾਂ ਦੀ ਧਾਰਮਿਕ ਸਰਗਰਮੀਆਂ ਵਿਚ ਦਖ਼ਲ ਤੋਂ ਇਲਾਵਾ ਉਨ੍ਹਾਂ ਦੇ ਸ਼ੋਸ਼ਣ ਨੂੰ ਲੈ ਕੇ ਦੁਨੀਆ ਭਰ ਵਿਚ ਚੀਨ ਦੀ ਕਿਰਕਿਰੀ ਹੋ ਰਹੀ ਹੈ। ਦੱਸਣਯੋਗ ਹੈ ਕਿ ਅਮਰੀਕਾ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰਿਆਂ ਦੇ ਸ਼ੋਸ਼ਣ ਦੇ ਮਾਮਲੇ 'ਤੇ ਚਾਨਣਾ ਪਾਉਣ ਦੇ ਲਈ ਨਵਾਂ ਵੈਬਪੇਜ ਜਾਰੀ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇÎ ਇੱਕ ਟਵੀਟ ਵਿਚ ਕਿਹਾ ਕਿ ਅਸੀਂ ਇੱਕ ਨਵਾਂ ਵੈਬਪੇਜ ਜਾਰੀ ਕੀਤਾ ਹੈ ਜਿਸ ਦੇ ਜ਼ਰੀਏ ਸ਼ਿਨਜਿਆਂਗ ਵਿਚ ਰਹਿਣ ਵਾਲੇ ਉਈਗਰਾਂ ਅਤੇ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਖ਼ਿਲਾਫ਼ ਚੀਨੀ ਕਮਿਊਨਿਸਟ ਪਾਰਟੀ ਦੇ ਅੱਤਿਆਚਾਰਾਂ ਨੂੰ ਸਾਹਮਣੇ ਲਿਆਇਆ ਜਾਵੇਗਾ। ਅਮਰੀਕਾ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰ ਹਨਨ ਖ਼ਿਲਾਫ਼ ਕੌਮਾਂਤਰਾਈ ਲੜਾਈ ਦੀ ਅਗਵਾਈ ਕਰਨ ਦੇ ਲਈ ਦ੍ਰਿੜ੍ਹ ਹੈ। ਇਹ ਵੈਬਪੇਜ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦ ਦੱਖਣੀ ਚੀਨ ਸਾਗਰ ਅਤੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਅਮਰੀਕਾ ਅਤੇ ਚੀਨ ਦੇ ਵਿਚ ਤਣਾਅ ਵਧ ਗਿਆ ਹੈ।