ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿੱਲੀ ਏਮਜ਼ 'ਚ ਕੁਝ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਰਘੁਵੰਸ਼ ਏਮਜ਼ ਦੇ ਆਈ. ਸੀ. ਯੂ. 'ਚ ਦਾਖ਼ਲ ਸਨ। ਦਸਿਆ ਜਾ ਰਿਹਾ ਹੈ ਕਿ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਕਾਰਨ ਉਹ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਸਿਆਸੀ ਗਲਿਆਰੇ ਵਿਚ ਸੋਗ ਦੀ ਲਹਿਰ ਹੈ। ਉਹ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਸਨ। ਹਾਲ ਹੀ 'ਚ ਉਨ੍ਹਾਂ ਨੇ ਅਸਤੀਫ਼ਾ ਦਿਤਾ ਸੀ, ਜਿਸ ਨੂੰ ਲਾਲੂ ਨੇ ਨਾ-ਮਨਜ਼ੂਰ ਕਰ ਦਿਤਾ ਸੀ।
ਰਘੁਵੰਸ਼ ਦੇ ਦਿਹਾਂਤ 'ਤੇ RJD ਮੁਖੀ ਲਾਲੂ ਪ੍ਰਸਾਦ ਯਾਦਵ ਨੇ ਡੂੰਘਾ ਦੁੱਖ ਜ਼ਾਹਰ ਕੀਤਾ। ਲਾਲੂ ਪ੍ਰਸਾਦ ਨੇ ਟਵੀਟ ਕੀਤਾ ਕਿ ਪ੍ਰਿਅ ਰਘੁਵੰਸ਼ ਬਾਬੂ! ਇਹ ਤੁਸੀਂ ਕੀ ਕੀਤਾ? ਮੈਂ ਪਰਸੋਂ ਹੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਕਿਤੇ ਨਹੀਂ ਜਾ ਰਹੇ ਹੋ ਪਰ ਤੁਸੀਂ ਇੰਨੀ ਦੂਰ ਚਲੇ ਗਏ। ਨਿਸ਼ਬਦ ਹਾਂ, ਦੁਖੀ ਹਾਂ। ਬਹੁਤ ਯਾਦ ਆਓਗੇ।
ਦੱਸ ਦੇਈਏ ਕਿ ਰਘੁਵੰਸ਼ ਪ੍ਰਸਾਦ ਸਿੰਘ ਦੇ ਅਸਤੀਫ਼ਾ ਦੇਣ ਨਾਲ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਰ. ਜੇ. ਡੀ. ਨੂੰ ਝਟਕਾ ਲੱਗਾ ਸੀ। ਰਘੁਵੰਸ਼ ਪਿਛਲੇ 32 ਸਾਲਾਂ ਤੋਂ ਲਾਲੂ ਪ੍ਰਸਾਦ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਦਿੱਲੀ ਏਮਜ਼ ਤੋਂ ਅਪਣਾ ਅਸਤੀਫ਼ਾ ਰਾਂਚੀ ਰਿਮਸ ਵਿਚ ਅਪਣਾ ਇਲਾਜ ਕਰਵਾ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਭੇਜਿਆ ਸੀ।