ਪਟਨਾ : ਮਾਊਨਟੇਨਮੈਨ ਦੇ ਨਾਂਅ ਨਾਲ ਮਸ਼ਹੂਰ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਦਸ਼ਰਥ ਮਾਂਝੀ ਬਾਰੇ ਦੁਨੀਆ ਜਾਣਦੀ ਹੈ, ਜਿਸ ਨੇ ਪਹਾੜ ਕੱਟ ਕੇ ਰਾਹ ਕੱਢ ਦਿੱਤਾ ਸੀ। ਹੁਣ ਗਯਾ ਜ਼ਿਲ੍ਹੇ ਦੇ ਹੀ ਲੌਂਗੀ ਭੁਈਆਂ ਨੇ ਪਹਾੜ ਕੱਟ ਕੇ ਖੇਤਾਂ ਵਿਚ ਪਾਣੀ ਲਿਆਉਣ ਦਾ ਰਾਹ ਬਣਾ ਦਿੱਤਾ ਹੈ।
ਲਾਥੂਆ ਇਲਾਕੇ ਵਿਚ ਪਿੰਡ ਕੋਠੀਲਾਵਾ ਦੇ 70 ਸਾਲ ਦੇ ਲੌਂਗੀ ਭੁਈਆਂ ਨੇ ਆਪਣੀ ਮਿਹਨਤ ਨਾਲ ਪਿੰਡਾਂ ਦੇ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਹਨ। ਉਸ ਨੇ 20 ਸਾਲ ਦੀ ਮਿਹਨਤ ਨਾਲ ਪਹਾੜ ਕੱਟ ਕੇ ਚਾਰ ਫੁੱਟ ਚੌੜੀ ਤੇ ਤਿੰਨ ਫੁੱਟ ਡੂੰਘੀ ਪੰਜ ਕਿਲੋਮੀਟਰ ਲੰਮੀ ਨਹਿਰ ਬਣਾ ਦਿੱਤੀ ਹੈ। ਇਹ ਕੰਮ ਉਸ ਨੇ ਅਗਸਤ 2001 ਵਿਚ ਸ਼ੁਰੂ ਕੀਤਾ ਸੀ। ਹੁਣ ਪਹਾੜ ਤੇ ਬਾਰਿਸ਼ ਦਾ ਪਾਣੀ ਨਹਿਰ ਰਾਹੀਂ ਖੇਤਾਂ ਵਿਚ ਜਾ ਰਿਹਾ ਹੈ। ਇਸ ਨਾਲ ਤਿੰਨ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਲੌਂਗੀ ਨੇ ਦੱਸਿਆ—ਮੈਂ ਜੰਗਲ ਵਿਚ ਪਸ਼ੂ ਚਰਾਉਣ ਜਾਂਦਾ ਸੀ ਤੇ ਨਾਲ ਹੀ ਨਹਿਰ ਲਈ ਪਹਾੜ ਤੋੜਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਜ਼ਮੀਨ ਖਿਸਕਣ ਨਾਲ 9 ਮੌਤਾਂ, 22 ਲਾਪਤਾ
ਕਿਸੇ ਨੇ ਸਾਥ ਨਹੀਂ ਦਿੱਤਾ। ਲੋਕ ਸ਼ਹਿਰਾਂ ਵੱਲ ਭੱਜ ਰਹੇ ਹਨ, ਪਰ ਮੈਂ ਤੈਅ ਕੀਤਾ ਕਿ ਨਹਿਰ ਬਣਾ ਕੇ ਰਹਾਂਗਾ। ਲੌਂਗੀ ਦਾ ਪਿੰਡ
ਹੈੱਡਕੁਆਰਟਰ ਤੋਂ ਕਰੀਬ 80 ਕਿਲੋਮੀਟਰ ਹੈ ਅਤੇ ਜੰਗਲ ਤੇ ਪਹਾੜਾਂ ਨਾਲ ਘਿਰਿਆ ਹੈ। ਕਿਸੇ ਜ਼ਮਾਨੇ ਵਿਚ ਇਥੇ ਮਾਓਵਾਦੀਆਂ ਦਾ ਦਬਦਬਾ ਹੁੰਦਾ ਸੀ। ਬਰਸਾਤਾਂ ਦਾ ਪਾਣੀ ਨਦੀ ਵਿਚ ਚਲਾ ਜਾਂਦਾ ਸੀ, ਜਿਸ ਨੂੰ ਲੌਂਗੀ ਨੇ ਨਹਿਰ ਵਿਚ ਲਿਆਉਣ ਦਾ ਤਹੱਈਆ ਕੀਤਾ। ਉਸ ਨੇ ਕਿਹਾ—ਇਹ ਕੰਮ ਮੈਂ ਆਪਣੇ ਫਾਇਦੇ ਲਈ ਨਹੀਂ, ਸਭ ਦੇ ਫਾਇਦੇ ਲਈ ਕੀਤਾ। ਦਸ਼ਰਥ ਮਾਂਝੀ ਨੇ 1960 ਤੋਂ 1982 ਤੱਕ 22 ਸਾਲ ਹਥੌੜੇ-ਛੈਣੀ ਨਾਲ ਪਹਾੜ ਕੱਟ ਕੇ ਗਹਲੌਰ ਤੇ ਵਜ਼ੀਰਗੰਜ ਦਾ ਫਾਸਲਾ 55 ਕਿਲੋਮੀਟਰ ਤੋਂ ਘਟਾ ਕੇ 15 ਕਿਲੋਮੀਟਰ ਦਾ ਕਰ ਦਿੱਤਾ ਸੀ।