ਨਵੀਂ ਦਿੱਲੀ/ਹੈਦਰਾਬਾਦ, : ਤੇਲੰਗਾਨਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡਾਟਾ ਚੋਰੀ ਦਾ ਕੇਸ ਹੱਲ ਕਰ ਲਿਆ ਹੈ। ਆਈ. ਟੀ. ਗਰਿੱਡ ਇੰਡੀਆ ਦੀਆਂ ਹਾਰਡ ਡਿਸਕਾਂ ਫੜੇ ਜਾਣ ਤੋਂ ਬਾਅਦ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਕੰਪਨੀ ਨੇ ਪੰਜਾਬ ਨਾਲ ਸਬੰਧਿਤ 2 ਕਰੋੜ ਆਧਾਰ ਕਾਰਡਾਂ ਦਾ ਡਾਟਾ ਚੋਰੀ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਕੰਪਨੀ ਵਲੋਂ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਦੇ ਨਾਲ ਸੰਬੰਧਿਤ 7.82 ਕਰੋੜ ਆਧਾਰ ਕਾਰਡਾਂ ਦਾ ਡਾਟਾ ਚੋਰੀ ਦੇ ਮਾਮਲੇ ਦਾ ਪਰਦਾਫ਼ਾਸ਼ ਹੋ ਚੁੱਕਾ ਹੈ। ਅਧਿਕਾਰੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੰਪਨੀ ਨੇ ਪੰਜਾਬ ਨਾਲ ਸਬੰਧਤ ਇੰਨੀ ਵੱਡੀ ਗਿਣਤੀ ਵਿਚ ਡਾਟਾ ਕਿਉਂ ਸਾਂਭ ਕੇ ਰੱਖਿਆ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਪੁੱਛ-ਪੜਤਾਲ ਤੋਂ ਬਾਅਦ ਹੀ ਇਸ ਦੇ ਪਿਛੇ ਦਾ ਰਾਜ਼ ਸਾਹਮਣੇ ਆ ਸਕੇਗਾ। ਜ਼ਿਕਰਯੋਗ ਹੈ ਕਿ ਯੂਨੀਕ ਇੰਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ (ਯੂ.ਆਈ. ਡੀ. ਏ. ਆਈ) ਆਪਣੇ ਸਰਵਰ ਤੋਂ ਡਾਟਾ ਲੀਕ ਹੋਣ ਜਾਂ ਇਸ 'ਚ ਸੰਨ੍ਹ ਲੱਗਣ ਦੀਆਂ ਰਿਪੋਰਟਾਂ ਨੂੰ ਰੱਦ ਕਰ ਚੁੱਕੀ ਹੈ।